ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਅਮਰਗੜ੍ਹ ‘ਚ ਨਵਾਂ ਜ਼ਿਲ੍ਹਾ ਇੰਚਾਰਜ ਨਿਯੁਕਤ ਕੀਤੇ ਜਾਣ ‘ਤੇ ਆਪ ਆਗੂ ਸਤਬੀਰ ਸਿੰਘ ਸ਼ੀਰਾ ਬਨਭੌਰਾ ਨੂੰ ਵੱਡਾ ਝਟਕਾ ਲੱਗਾ। ਲੰਮੇ ਸਮੇਂ ਤੋਂ ਹਲਕੇ ਦੀ ਸੇਵਾ ਕਰ ਰਹੇ ਸ਼ੀਰਾ ਬਨਭੌਰਾ ਨੇ ਇੱਕ ਬਹੁਤ ਹੀ ਭਾਵੁਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਅੱਖਾਂ ਵਿੱਚ ਹੰਝੂ ਲੈ ਕੇ ਪਾਰਟੀ ਦੇ ਇਸ ਫੈਸਲੇ ਦਾ ਵਿਰੋਧ ਕੀਤਾ।
ਆਪ ਆਗੂ ਨੇ ਕਿਹਾ ਕਿ ਉਨ੍ਹਾ 2017 ਅਗਸਤ ਤੋਂ ਹਮੇਸ਼ਾ ਹਲਕੇ ਦੀ ਵੱਧ-ਚੜ੍ਹ ਕੇ ਸੇਵਾ ਕੀਤੀ ਹੈ। ਕਦੇ ਵੀ ਉਨ੍ਹਾਂ ਆਪਣੇ ਪਰਿਵਾਰ ਜਾਂ ਸਰੀਰ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜ਼ਰ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਈਮਾਨਦਾਰੀ ਤੇ ਪੂਰੀ ਵਫਾਦਾਰੀ ਨਾਲ ਪਾਰਟੀ ਲਈ ਕੰਮ ਕੀਤਾ ਪਰ ਪਾਰਟੀ ਦੇ ਇਸ ਫੈਸਲੇ ਨਾਲ ਉਹ ਪੂਰੀ ਤਰ੍ਹਾਂ ਟੁੱਟ ਗਏ ਹਨ।
ਸ਼ੀਰਾ ਬਨਭੌਰਾ ਨੇ ਕਿਹਾ ਕਿ ਭਾਵੇਂ ਦਿੱਲੀ ਚੋਣਾਂ ਹੋਣ, ਭਾਵੇਂ ਪੰਜਾਬ ਦੀਆਂ ਚੋਣਾਂ, ਜਿਥੇ ਉਨ੍ਹਾਂ ਦੀ ਡਿਊਟੀ ਲਾਈ ਗਈ ਉਨ੍ਹਾਂ ਤਨਦੇਹੀ ਨਾਲ ਨਿਭਾਈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪਾਰਟੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਾਫ-ਸੁਥਰੇ ਅਕਸ ਵਾਲੇ ਬੰਦਿਆਂ ਦੀ ਲੋੜ ਹੈ ਤਾਂ ਫਿਰ ਉਨ੍ਹਾਂ ਨੂੰ ਹੋਰ ਕਿਸ ਤਰ੍ਹਾਂ ਦੇ ਬੰਦੇ ਚਾਹੀਦੇ ਹਨ। ਪਿਛਲੇ ਦੋ ਵਾਰ ਹੋਏ ਸਰਵੇਅ ਵਿੱਚ ਵਿੱਚ ਵੀ ਉਨ੍ਹਾਂ ਦਾ ਅਕਸ ਇੱਕ ਚੰਗੇ ਆਗੂ ਵਜੋਂ ਉਭਰਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬਹੁਤ ਹੀ ਮਿਹਨਤ ਨਾਲ ਕੰਮ ਕੀਤਾ ਪਰ ਪਾਰਟੀ ਨੇ ਉਨ੍ਹਾਂ ਦੀ ਮਿਹਨਤ ਦੀ ਕਦਰ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਕਦੇ ਵੀ ਅਜਿਹੇ ਆਗੂਆਂ ਨੂੰ ਸਵੀਕਾਰ ਨਹੀਂ ਕਰਨਗੇ ਜਿਨ੍ਹਾਂ ਨੇ ਪਾਰਟੀਆਂ ਬਦਲੀਆਂ ਹੋਣ।
ਅਖੀਰ ਵਿੱਚ ਉਨ੍ਹਾਂ ਕਿਹਾ ਕਿ ਪਾਰਟੀ ਦੇ ਇਸ ਫੈਸਲੇ ‘ਤੇ ਵੀ ਉਹ ਟੁੱਟਣਗੇ ਨਹੀਂ, ਸਗੋਂ ਅੱਗੇ ਨਾਲੋਂ ਵੀ ਵੱਧ ਕੰਮ ਕਰਨਗੇ। ਉਹ ਪਾਰਟੀ ਵਿੱਚ ਰਹਿ ਕੇ ਲੋਕਾਂ ਦੇ ਦਿਲਾਂ ਵਿੱਚ ਰਾਜ ਕਰਨਗੇ। ਉਨ੍ਹਾਂ ਕਿਹਾ ਕਿ ਮੈਂ ਕੁਝ ਵੀ ਕਰਕੇ ਹਲਕਾ ਅਮਰਗੜ੍ਹ ਦੀ ਸਵਾ ਲੈ ਕੇ ਛੱਡੂੰਗਾ। ਆਮ ਲੋਕਾਂ ਨੂੰ ਲਾਮਬੰਦ ਕਰਕੇ ਆਖਰੀ ਦਮ ਤੱਕ ਲੜਾਈ ਲੜਾਂਗਾ ਤੇ ਪਾਰਟੀ ਦਾ ਫੈਸਲਾ ਬਦਲਾਂਗੇ। ਮੈਂ ਹਲਕਾ ਅਮਰਗੜ੍ਹ ਦੀ ਧਰਤੀ ਦੀ ਸੇਵਾ ਲਈ ਤਿਆਰ ਹਾਂ।
ਇਹ ਵੀ ਪੜ੍ਹੋ : ਫਿਲੌਰ ‘ਚ ਦਰਦਨਾਕ ਹਾਦਸਾ- ਘਰ ‘ਚ ਲੱਗਾ ਝੂਲਾ ਬੱਚੀ ਲਈ ਬਣ ਗਿਆ ‘ਮੌਤ ਦਾ ਫੰਦਾ’
ਦੱਸਣਯੋਗ ਹੈ ਕਿ ਬੀਤੇ ਦਿਨ ਹਲਕਾ ਅਮਰਗੜ੍ਹ ਦੇ ਅੰਦਰ ਚਲ ਰਹੀਆਂ ਕਿਆਸ ਅਰਾਈਆਂ ‘ਤੇ ‘ਵਿਰਾਮ’ ਲਗਾਉਂਦਿਆਂ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਸੀਨੀਅਰ ਆਗੂ ਤੇ ਕਿਸਾਨ ਵਿੰਗ ਪੰਜਾਬ ਦੇ ਉਪ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ।