ਲੁਧਿਆਣਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਕੋਰੋਨਾ ਮਹਾਮਾਰੀ ਕਰਕੇ ਫੇਫੜੇ ਖਰਾਬ ਹੋਣ ਕਰਕੇ ਐਸਪੀਐਸ ਹਸਪਤਾਲ ਵਿੱਚ ਇਲਾਜ ਅਧੀਨ ਚੱਲ ਰਹੇ ਡੀਐਸਪੀ ਹਰਜਿੰਦਰ ਸਿੰਘ ਨੇ ਅੱਜ ਦਮ ਤੋੜ ਦਿੱਤਾ। ਕੋਰੋਨਾ ਦੀ ਲਪੇਟ ਵਿੱਚ ਆਏ ਡੀਐਸਪੀ ਨੂੰ ਬੀਤੀ 6 ਅਪ੍ਰੈਲ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਡਾਕਟਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਖਰਾਬ ਫੇਫੜਿਆਂ ਦਾ ਟਰਾਂਸਪਲਾਂਟ ਕਰਨਾ ਪਏਗਾ ਪਰ ਇਸ ‘ਤੇ ਲੱਖਾਂ ਦਾ ਖਰਚਾ ਆਏਗਾ। ਡੀਐਸਪੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹੱਥ ਜੋੜ ਕੇ ਗੁਹਾਰ ਲਾਉਂਦਿਆਂ ਕਿਹਾ ਸੀ ਕਿ ਉਸ ਦਾ ਇਲਾਜ ਕਰਵਾਇਆ ਜਾਵੇ ਅਤੇ ਉਸ ਨੂੰ ਮਦਦ ਦਿੱਤੀ ਜਾਵੇ।
ਇਸ ਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਕਹਿ ਰਹੇ ਸਨ ਕਿ ਉਨ੍ਹਾਂ ਦਾ ਇੱਕ ਛੋਟਾ ਬੱਚਾ ਹੈ, ਬਜ਼ੁਰਗ ਮਾਂ ਹੈ। ਜੇਕਰ ਮੁੱਖ ਮੰਤਰੀ ਉਨ੍ਹਾਂ ਦੀ ਮੌਤ ਤੋਂ ਬਾਅਦ ਮਿਲਣ ਵਾਲਾ ਪੈਸਾ ਪਹਿਲਾਂ ਦੇ ਦੇਣ ਤਾਂ ਉਨ੍ਹਾਂ ਦਾ ਇਲਾਜ ਹੋ ਸਕਦਾ ਹੈ ਅਤੇ ਉਨ੍ਹਾਂ ਦੀ ਜਾਨ ਬਚ ਸਕਦੀ ਹੈ।
ਇਹ ਵੀ ਪੜ੍ਹੋ : ਸੜਕਾਂ ‘ਤੇ ਪਹੁੰਚੀ ਕਾਂਗਰਸ ਦੀ ਲੜਾਈ, ਦੋ ਸਾਲਾਂ ਬਾਅਦ ’ਕੈਪਟਨ ਕੌਣ’ ਦਾ ਦਿੱਤਾ ਜਵਾਬ- ’ਕੈਪਟਨ ਇੱਕ ਹੀ ਹੁੰਦਾ ਹੈ’
ਇਸ ਤੋਂ ਬਾਅਦ ਡੀਐਸਪੀ ਦੇ ਮਾਤਾ ਜੀ ਆਪਣੇ ਪੰਜ ਸਾਲ ਦੇ ਪੋਤਰੇ ਨਾਲ ਮੁੱਖ ਮੰਤਰੀ ਦੇ ਦਫਤਰ ਵੀ ਗਏ ਸਨ ਅਤੇ ਮਦਦ ਲਈ ਅਪੀਲ ਕੀਤੀ ਸੀ। ਡਾਕਟਰਾਂ ਵੱਲੋਂ ਡੀਐਸਪੀ ਫੇਫੜਿਆਂ ਦੇ ਇਲਾਜ ਤੋਂ ਪਹਿਲਾਂ ਇੱਕ ਮੈਡੀਕਲ ਬੋਰਡ ਬਣਾ ਕੇ ਟੈਸਟ ਲਏ ਜਾ ਰਹੇ ਸਨ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਆਕਸੀਜਨ ਲੈਵਲ ਵੀ ਘੱਟ ਹੋ ਰਿਹਾ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਦਮ ਤੋੜ ਦਿੱਤਾ।