ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ-ਪ੍ਰਧਾਨ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ‘ਚ 118 ਕਰੋੜ ਰੁਪਏ ਤੋਂ ਵੱਧ ਦੇ ਸਟੈਂਪ ਡਿਊਟੀ ਘਪਲੇ ਲਈ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਬਰਖਾਸਤ ਕਰਨ ਅਤੇ ਮੋਹਾਲੀ ਦੇ ਤਹਿਸੀਲਦਾਰ ਵਿਕਾਸ ਸ਼ਰਮਾ ਦੀ ਗ੍ਰਿਫਤਾਰੀ ਤੋਂ ਇਲਾਵਾ ਇਸ ਵਿੱਚ ਸ਼ਾਮਿਲ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਮੋਹਾਲੀ ਦੇ ਗਮਾਡਾ ਖੇਤਰ ਅੰਦਰ ਪੂਰੀ ਤਰ੍ਹਾਂ ਵਿਕਸਿਤ ਕੀਤੀ ਹੋਈ 124 ਏਕੜ ਜ਼ਮੀਨ ਬਿਨਾਂ ਸਟੈਂਪ ਡਿਊਟੀ ਲਏ ਐੱਮ.ਜੀ.ਐੱਫ਼ ਦੇ ਨਾਮ ਇੰਤਕਾਲ ਰਾਹੀਂ ਤਬਦੀਲ ਕੀਤੀ ਗਈ ਹੈ। ਐੱਮ ਜੀ ਐੱਫ਼ ਡਿਵੈਲਪਰਸ ਨੇ ਇਸ ਜ਼ਮੀਨ ਵਿੱਚ ਜੋ ਪਲਾਟ ਕੱਟੇ ਹੋਏ ਹਨ ਉਹ 25 ਹਜ਼ਾਰ ਰੁਪਏ ਪ੍ਰਤੀ ਵਰਗ ਗਜ਼ ਵੇਚ ਰਹੇ ਹਨ। ਇਸ ਹਿਸਾਬ ਨਾਲ ਪ੍ਰਾਪਰਟੀ ਦੇ ਮਨਜ਼ੂਰ ਕੀਤੇ ਗਏ ਤਬਾਦਲੇ ਅਤੇ ਇੰਤਕਾਲ ਦੀ ਕੀਮਤ ਲਗਭਗ 1250 ਕਰੋੜ ਰੁਪਏ ਬਣਦੀ ਹੈ। ਜਿਸ ਮੁਤਾਬਕ 9 ਫੀਸਦੀ ਸਟੈਂਪ ਡਿਊਟੀ ਦੇ ਹਿਸਾਬ ਨਾਲ ਇਹ ਘਪਲਾ 118 ਕਰੋੜ ਤੋਂ ਵਧ ਬਣਦਾ ਹੈ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾ ਵੱਲੋਂ ਘੁਟਾਲੇ ਦਾ ਪਰਦਾਫਾਸ਼ ਕੀਤਾ ਗਿਆ ਤਾਂ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਵੱਲੋਂ ਐੱਮ.ਜੀ.ਐੱਫ ਡਿਵੈਲਪਰਸ ਦੇ ਪੱਖ ਵਿੱਚ ਪਹਿਲਾਂ ਤੋਂ ਮੰਜੂਰ ਕੀਤੇ ਇੰਤਕਾਲ ਤੇ ਜ਼ਮੀਨ ਦੇ ਤਬਾਦਲੇ ਨੂੰ ਰੱਦ ਕਰ ਦਿੱਤੇ ਗਏ, ਜਿਸ ਨਾਲ ਇਹ ਗੱਲ ਸਾਬਿਤ ਹੁੰਦੀ ਹੈ ਕਿ ਜ਼ਮੀਨ ਦੇ ਤਬਾਦਲਾ ਤੇ ਇੰਤਕਾਲ ਨਾਲ ਰਾਜ ਦੇ ਖਜ਼ਾਨੇ ਨੂੰ ਭਾਰੀ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ‘ਚ ਕਲੇਸ਼ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, ਖੁਦ ਦੇ ਅਹੁਦੇ ਨੂੰ ਲੈ ਕੇ ਆਖ ਦਿੱਤੀ ਇਹ ਗੱਲ
ਉਨ੍ਹਾਂ ਕਿਹਾ ਕਿ ਇੰਨਾ ਵੱਡਾ ਘਪਲਾ ਕਾਂਗਰਸ ਸਰਕਾਰ ਦੀ ਸ਼ਹਿ ਅਤੇ ਮਾਲ ਮੰਤਰੀ ਤੇ ਹੋਰ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਦੇ ਬਗੈਰ ਨਹੀ ਹੋ ਸਕਦਾ ਹੈ। ਇਸ ਲਈ ਇਸ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।