ਪਿਛਲੇ ਦਿਨੀਂ ਕੋਲਕਾਤਾ ਵਿੱਚ ਮਾਰੇ ਗਏ ਗੈਂਗਸਟਰ ਜੈਪਾਲ ਭੁੱਲਰ ਮਾਮਲੇ ਵਿੱਚ ਇੱਕ ਹੋਰ ਨਵਾਂ ਮੋੜ ਆਇਆ ਹੈ। ਦਰਅਸਲ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਗੈਂਗਸਟਰ ਜੈਪਾਲ ਭੁੱਲਰ ਦਾ ਦੁਬਾਰਾ ਪੋਸਟ ਮਾਰਟਮ ਕਰਵਾਉਣ ਪਟੀਸ਼ਨ ਰੱਦ ਕਰਨ ਤੋਂ ਬਾਅਦ ਪਰਿਵਾਰ ਨੇ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਹੈ।
ਅੱਜ ਪਰਿਵਾਰ ਦੀ ਅਰਜ਼ੀ ਸੁਪਰੀਮ ਕੋਰਟ ਵਿਚ ਦਾਇਰ ਹੋਣ ਤੋਂ ਬਾਅਦ ਸੁਪਰੀਮ ਕੋਰਟ ਨੇ ਜੈਪਾਲ ਦੀ ਮ੍ਰਿਤਕ ਦੇਹ ਦਾ ਦੂਸਰੀ ਵਾਰ ਪੋਸਟ ਮਾਰਟਮ ਕਰਵਾਉਣ ਦਾ ਫੈਸਲਾ ਪੰਜਾਬ-ਹਰਿਆਣਾ ਹਾਈਕੋਰਟ ਨੂੰ ਹੀ ਸੌਂਪ ਦਿੱਤਾ ਹੈ ਅਤੇ 21 ਜੂਨ ਨੂੰ ਇਸ ਪਟੀਸ਼ਨ ‘ਤੇ ਦੁਬਾਰਾ ਸੁਣਵਾਈ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਮ੍ਰਿਤਕ ਦੇਹ ਦੀ ਦੇਖ-ਰੇਖ ਦੀ ਜ਼ਿੰਮੇਵਾਰੀ ਸੌਂਪੀ ਹੈ।
ਦੱਸਣਯੋਗ ਹੈ ਕਿ ਪੰਜਾਬ-ਹਰਿਆਣਾ ਹਾਈਕੋਰਟ ਨੇ ਜੈਪਾਲ ਭੁੱਲਰ ਦੇ ਪਰਿਵਾਰ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਦਰਅਸਲ ਜਗਰਾਓਂ ਵਿੱਚ ਦੋ ਥਾਣੇਦਾਰਾਂ ਦੇ ਕਤਲ ਮਾਮਲੇ ਵਿੱਚ ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਸਿੰਘ ਦਾ ਕੋਲਕਾਤਾ ਵਿੱਚ ਐਨਕਾਊਂਟਰ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਛੇ ਸਾਲ ਤੱਕ ਦੇ ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਹੁਣ ਘਰਾਂ ਵਿੱਚ ਮਿਲੇਗੀ ਪੌਸ਼ਟਿਕ ਖ਼ੁਰਾਕ
ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਪੰਜਾਬ ਲਿਆਂਦੀਆਂ ਗਈਆਂ। ਭੁੱਲਰ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਅੰਤਿਮ ਸੰਸਕਾਰ ਨੂੰ ਰੋਕ ਦਿੱਤਾ ਸੀ। ਉਨ੍ਹਾਂ ਜੈਪਾਲ ਦਾ ਪੋਸਟ ਮਾਰਟਮ ਇੱਕ ਵਾਰ ਫਿਰ ਕਰਵਾਉਣ ਦੀ ਮੰਗ ਰੱਖੀ ਸੀ। ਗੈਂਗਸਟਰ ਦੇ ਪਿਤਾ ਨੇ ਕਿਹਾ ਸੀ ਕਿ ਬੰਗਾਲ ਪੁਲਿਸ ਨੇ ਉਸ ਦਾ ਫੇਕ ਐਨਕਾਊਂਟਰ ਕੀਤਾ ਹੈ। ਉਸ ਦੇ ਸਰੀਰ ‘ਤੇ ਬਹੁਤ ਸਾਰੇ ਫ੍ਰੈਕਚਰ ਹਨ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਪਹਿਲਾਂ ਉਸ ਨਾਲ ਮਾਰਕੁੱਟ ਕੀਤੀ ਗਈ ਹੈ ਅਤੇ ਫਿਰ ਉਸ ਦਾ ਐਨਕਾਊਂਟਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਜੈਪਾਲ ਦਾ ਪੋਸਟ ਮਾਰਟਮ ਨਹੀਂ ਕੀਤਾ ਜਾਂਦਾ, ਉਦੋਂ ਤੱਕ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਨਹੀਂ ਕਰੇਗਾ।