ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮਿਲਖਾ ਸਿੰਘ ਜੋ 91 ਵਰ੍ਹਿਆਂ ਦੇ ਸਨ, ਬੀਤੀ ਅੱਧੀ ਰਾਤ ਪੀ.ਜੀ.ਆਈ., ਚੰਡੀਗੜ੍ਹ ਵਿਖੇ ਕੋਵਿਡ ਨਾਲ ਜੂਝਦਿਆਂ ਚੱਲ ਵਸੇ। ਉਹ ਆਪਣੇ ਪਿੱਛੇ ਇਕ ਪੁੱਤਰ ਤੇ ਤਿੰਨ ਬੇਟੀਆਂ ਛੱਡ ਗਏ।ਉਨ੍ਹਾਂ ਦਾ ਪੁੱਤਰ ਜੀਵ ਮਿਲਖਾ ਸਿੰਘ ਉੱਘਾ ਗੌਲਫਰ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ, “ਦੇਸ਼ ਦੇ ਸਰਵੋਤਮ ਅਥਲੀਟ ਜਿਨ੍ਹਾਂ ਭਾਰਤ ਲਈ ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਸੋਨ ਤਮਗੇ ਜਿੱਤ ਕੇ ਦੇਸ਼ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ, ਦੇ ਤੁਰ ਜਾਣ ਨਾਲ ਮੈਨੂੰ ਨਿੱਜੀ ਤੌਰ ਉਤੇ ਬਹੁਤ ਦੁੱਖ ਹੋਇਆ। ਪੰਜਾਬ ਨੂੰ ਆਪਣੇ ਇਸ ਮਹਾਨ ਅਥਲੀਟ ਉਤੇ ਹਮੇਸ਼ਾ ਮਾਣ ਰਹੇਗਾ।”
ਇਹ ਵੀ ਪੜ੍ਹੋ : ਓਲੰਪਿਕ ‘ਚ ਦੇਸ਼ ਦਾ ਨਾਂ ਰੌਸ਼ਨ ਕਰਨਗੇ ਪੰਜਾਬ ਦੇ ਖਿਡਾਰੀ, ਰਾਣਾ ਸੋਢੀ ਨੇ ਟੋਕਿਓ ਜਾ ਰਹੇ ਖਿਡਾਰੀਆਂ ਨੂੰ ਦਿੱਤੇ 5-5 ਲੱਖ ਰੁਪਏ
ਉਡਣਾ ਸਿੱਖ ਨਾਲ ਜਾਣੇ ਜਾਂਦੇ ਮਿਲਖਾ ਸਿੰਘ ਓਲੰਪਿਕ ਫਾਈਨਲ ਵਿੱਚ ਪੁੱਜਣ ਅਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਦੇਸ਼ ਦੇ ਪਹਿਲੇ ਅਥਲੀਟ ਸਨ। ਉਹ 100 ਕਰੋੜ ਤੋਂ ਵੱਧ ਆਬਾਦੀ ਵਾਲੇ ਦੇਸ਼, ਭਾਰਤ ਦੇ ਆਈਕੌਨ ਖਿਡਾਰੀ ਸਨ।ਉਨ੍ਹਾਂ 1960 ਦੀਆਂ ਰੋਮ ਓਲੰਪਿਕ ਖੇਡਾਂ ਦੀ 400 ਮੀਟਰ ਦੌੜ ਵਿੱਚ ਚੌਥਾ ਸਥਾਨ ਹਾਸਲ ਕੀਤਾ।ਉਨ੍ਹਾਂ 1958 ਦੀਆਂ ਕਾਰਡਿਫ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਤੋਂ ਇਲਾਵਾ 1958 ਦੀਆਂ ਟੋਕੀਓ ਏਸ਼ਿਆਈ ਖੇਡਾਂ ਤੇ 1962 ਦੀਆਂ ਜਕਾਰਤਾ ਏਸ਼ਿਆਈ ਖੇਡਾਂ ਵਿੱਚ ਦੋ-ਦੋ ਸੋਨ ਤਮਗੇ ਜਿੱਤੇ।ਮਿਲਖਾ ਸਿੰਘ ਨੇ ਭਾਰਤ ਵੱਲੋਂ ਤਿੰਨ ਓਲੰਪਿਕਸ (1956 ਮੈਲਬਰਨ, 1960 ਰੋਮ ਤੇ 1964 ਟੋਕੀਓ) ਵਿੱਚ ਹਿੱਸਾ ਲਿਆ।
ਮਿਲਖਾ ਸਿੰਘ ਨੂੰ ਭਾਰਤ ਸਰਕਾਰ ਨੇ ਖੇਡਾਂ ਵਿੱਚ ਪਾਏ ਯੋਗਦਾਨ ਸਦਕਾ ਦੇਸ਼ ਦੇ ਚੌਥੇ ਸਰਵਉੱਚ ਨਾਗਰਿਕ ਸਨਮਾਨ ਪਦਮ ਸ੍ਰੀ ਨਾਲ ਸਨਮਾਨਿਆ। ਮਿਲਖਾ ਸਿੰਘ ਦੇ ਪਰਿਵਾਰ, ਸਾਕ-ਸਨੇਹੀਆਂ, ਦੋਸਤਾਂ ਅਤੇ ਖੇਡ ਪ੍ਰਸ਼ੰਸਕਾਂ ਨਾਲ ਦੁੱਖ ਸਾਂਝਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ।
ਇਹ ਵੀ ਪੜ੍ਹੋ : ਜ਼ਿੰਦਗੀ ਦੀ ਰੇਸ ਹਾਰ ਗਏ ਮਿਲਖਾ ਸਿੰਘ ‘ਤੇ ਮੋਦੀ ਨੇ ਕੀਤਾ ਦੁੱਖ ਦਾ ਪ੍ਰਗਟਾਵਾ