ਇਕ ਦਿਨ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਸ਼ਹਿਰ ਵਿਚੋਂ ਗੁ਼ਜ਼ਰ ਰਹੇ ਸਨ। ਅਚਾਨਕ ਹਵਾ ਨੂੰ ਇੱਕ ਥੱਕੇ ਹੋਏ ਗਧੇ ਦੀ ਜ਼ੋਰਦਾਰ ਆਵਾਜ਼ ਨੇ ਚੀਰਿਆ, ਜੋਕਿ ਉਥੇ ਲੱਗੇ ਬਾਜ਼ਾਰ ਵਿੱਚ ਇੱਕ ਸਬਜ਼ੀ ਵਾਲੇ ਦੀ ਦੁਕਾਨ ਤੋਂ ਆ ਹੀ ਸੀ। ਇਸ ’ਤੇ ਬਹੁਤ ਸਾਰਾ ਭਾਰ ਲੱਦਿਆ ਹੋਇਆ ਸੀ, ਕੜਾਕੇ ਦੀ ਗਰਮੀ ਦੇ ਦਿਨ ਵਿੱਚ ਪਿਆਸਾ ਗਧਾ ਇਸ ਮੁਸੀਬਤ ਵਿੱਚ ਰੋ ਰਿਹਾ ਸੀ। ਪਰ ਉਥੇ ਦੇ ਲੋਕ ਇਸ ਦੇ ਆਦੀ ਸਨ। ਉਨ੍ਹਾਂ ਹਰ ਰੋਜ਼ ਗਧੇ ਦੀਆਂ ਇਹ ਆਵਾਜ਼ਾਂ ਸੁਣਦੇ ਅਤੇ ਉਹ ਮੂਰਖ ਗਧੇ ਦਾ ਮਖੌਲ ਉਡਾਉਂਦੇ ਅਤੇ ਉਸ ’ਤੇ ਹੱਸਦੇ।
ਪਰ ਗੁਰੂ ਜੀ ਨੂੰ ਉਸ ਬੇਵੱਸ ਜਾਨਵਰ ‘ਤੇ ਬਹੁਤ ਤਰਸ ਆਇਆ। ਉਨ੍ਹਾਂ ਸੋਚਿਆ ਕਿ ਜੇ ਇਹ ਗਰਜਨਾ ਸ਼ੇਰ ਦੀ ਹੁੰਦੀ ਤਾਂ ਇਹ ਲੋਕ ਕਦੇ ਨਾ ਹੱਸਦੇ। ਇਸ ਸੋਚ ਨਾਲ ਗੁਰੂ ਜੀ ਦੇ ਦਿਮਾਗ ਵਿੱਚ ਇੱਕ ਵਿਚਾਰ ਆਇਆ। ਉਨ੍ਹਾਂ ਕੋਲ ਇੱਕ ਚੀਤੇ ਦੀ ਚਮੜੀ ਪਈ ਸੀ, ਜੋਕਿ ਉਨ੍ਹਾਂ ਨੂੰ ਤੋਹਫੇ ਵਜੋਂ ਕੁਝ ਮਹੀਨੇ ਪਹਿਲਾਂ ਦੱਤੀ ਗਈ ਸੀ। ਉਨ੍ਹਾਂ ਨੇ ਕੁਝ ਸ਼ਿਸ਼ਾਂ ਨੂੰ ਗਧੇ ਨੂੰ ਆਪਣੇ ਨਾਲ ਲਿਆਉਣ ਲਈ ਕਿਹਾ। ਗੁਰੂ ਜੀ ਨੇ ਜਾਨਵਰ ਨੂੰ ਘਰ ਲਿਆ ਕੇ ਉਸ ਦਾ ਢਿੱਡ ਭਰਿਆ ਉਸ ਨੂੰ ਪੀਣ ਨੂੰ ਪਾਣੀ ਦਿੱਤਾ ਅਤੇ ਫਿਰ ਉਸ ਦੀ ਪਿੱਠ ‘ਤੇ ਉਹ ਚੀਤੇ ਦੀ ਚਮੜੀ ਪਹਿਨਾ ਦਿੱਤੀ ਅਤੇ ਉਸ ਨੂੰ ਆਜ਼ਾਦ ਘੁੰਮਣ ਲਈ ਛੱਡ ਦਿੱਤਾ।
ਫਿਰ ਕੀ ਸੀ। ਗਧਾ ਜਿਥੇ ਵੀ ਜਾਂਦਾ ਤਾਂ ਲੋਕ ਉਸ ਦਾ ਰਾਹ ਸਾਫ ਕਰ ਦਿੰਦੇ। ਔਰਤਾਂ ਤੇ ਬੱਚੇ ਚੀਕਦੇ ਹੋਏ ਇਧਰ-ਉਧਰ ਭੱਜਣ ਲੱਗੇ। ਲੋਕ ਖੂੰਝੇ ਲੱਗ ਗਏ। ਦੂਜੇ ਜਾਨਵਰ ਵੀ ਉਸ ਨੂੰ ਵੇਖ ਕੇ ਭੱਜਣ ਲੱਗੇ। ਛੇਤੀ ਹੀ ਪੂਰੇ ਬਾਜ਼ਾਰ ਵਿੱਚ ਹੁਣ ਉਹ ਗਧਾ ਇਕੱਲਾ ਸੀ। ਇਥੋਂ ਤੱਕ ਕਿ ਉਸਦਾ ਮਾਲਕ ਵੀ ਉਸ ਨੂੰ ਵੇਖਦਿਆਂ ਭੱਜ ਗਿਆ ਅਤੇ ਉਸ ਦੇ ਫਲ-ਸਬਜ਼ੀਆਂ ਉਥੇ ਹੀ ਡਿੱਗ ਗਏ। ਅੱਜ ਤਾਂ ਗਧੇ ਦੀ ਜ਼ਿੰਦਗੀ ਭਰ ਦੀ ਦਾਵਤ ਦਾ ਦਿਨ ਸੀ ਕਿਉਂਕਿ ਅੱਜ ਤੱਕ ਉਹ ਜਿਹੜੀਆਂ ਫਲ-ਸਬਜ਼ੀਆਂ ਸੁੰਘਦਾ ਸੀ ਅਤੇ ਭੁੱਖਾ ਰੌਂਦਾ ਸੀ ਅੱਜ ਸਭ ਕੁਝ ਉਸ ਦੇ ਲਈ ਖੁੱਲ੍ਹਾ ਪਿਆ ਸੀ।
ਪਰ ਸਾਰਾ ਸ਼ਹਿਰ ਦਹਿਸ਼ਤ ਵਿੱਚ ਸੀ। ਉਹ ਕਿਸੇ ਵੀ ਤਰ੍ਹਾਂ ਬਾਜ਼ਾਰ ਵਿੱਚ ਘੁੰਮ ਰਹੇ ਸ਼ੇਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸਨ। ਕੋਈ ਵੀ ਸੁਰੱਖਿਅਤ ਨਹੀਂ। ਉਹ ਇਸ ਨੂੰ ਜੰਗਲ ਵਿੱਚ ਛੱਡਣਾ ਚਾਹੁੰਦੇ ਸਨ ਅਤੇ ਇਸ ਸਮੱਸਿਆ ਦਾ ਕੋਈ ਰਾਹ ਲੱਭਣਾ ਚਾਹੁੰਦੇ ਸਨ। ਇਸ ਦਾ ਹੱਲ ਕਰਨ ਲਈ ਉਨ੍ਹਾਂ ਨੇ ਇੱਕ ਸਭਾ ਬੁਲਾਈ। ਸਭਾ ਵਿਚ ਗੁਰੂ ਜੀ ਨੇ ਵਿਚਾਰ ਦਿੱਤਾ ਕਿ ਉਹ ਸ਼ੇਰ ਨੂੰ ਡਰਾਉਣਗੇ ਅਤੇ ਫਿਰ ਉਹ ਜੰਗਲ ਵਿੱਚ ਵਾਪਿਸ ਚਲਾ ਜਾਵੇਗਾ। ਸਾਰੇ ਇਸ ‘ਤੇ ਸਹਿਮਤ ਹੋ ਗਏ।
ਕੁਝ ਹੀ ਸਮੇਂ ਵਿੱਚ ਵੱਡੇ-ਵੱਡੇ ਨਗਾੜਿਆਂ ਤੇ ਢੋਲਾਂ ਦੀ ਧਮਕ ਉਸ ਬੇਜ਼ੁਬਾਨ ਗਧੇ ਦੇ ਆਲੇ-ਦੁਆਲੇ ਦੇ ਬਾਜ਼ਾਰ ਵਿੱਚ ਗੂੰਜ ਉਠੀ। ਇਸ ਤਰ੍ਹਾਂ ਉਹ ਦੂਜੇ ਪਾਸੇ ਭੱਜ ਗਿਆ, ਫਿਰ ਧਮਕਾਂ ਉਸ ਪਾਸੇ ਕੀਤੀਆਂ ਜਾਣ ਲੱਗੀਆਂ ਕਿ ਸ਼ੇਰ ਜੰਗਲ ਵੱਲ ਭੱਜ ਜਾਵੇ। ਗਧੇ ਦੀ ਸਾਰਾ ਸਰੀਰ ਡਰ ਨਾਲ ਕੰਬਣ ਲੱਗਾਅਤੇ ਉਹ ਜ਼ੋਰ-ਜ਼ੋਰ ਨਾਲ ਆਵਾਜ਼ ਕਰਨ ਲੱਗਾ। ਉਸ ਦੀ ਆਵਾਜ਼ ਸੁਣ ਕੇ ਲੋਕ ਰੁਕ ਗਏ। ਉਨ੍ਹਾਂ ਨੂੰ ਆਪਣੇ ਕੰਨਾਂ ‘ਤੇ ਯਕੀਨ ਨਹੀਂ ਹੋਇਆ ਕਿ ਇਹ ਉਹੀ ਬਾਜ਼ਾਰ ਵਾਲੇ ਗਧੇ ਦੀ ਆਵਾਜ਼ ਹੈ। ਜਦੋੰ ਉਹ ਲੋਕ ਉਸ ਦੇ ਕੋਲ ਗਏ ਤਾਂ ਗਧਾ ਡਰ ਨਾਲ ਉਨ੍ਹਾਂ ਵੱਲ ਘੂਰ ਰਿਹਾ ਸੀ ਅਤੇ ਚੀਤੇ ਦੀ ਚਮੜੀ ਝਾੜੀਆਂ ‘ਤੇ ਪਈ ਹੋਈ ਸੀ।
ਇਹ ਵੀ ਪੜ੍ਹੋ : ਚੰਗੇ ਬੰਦੇ ਨਾਲ ਕਿਉਂ ਹੁੰਦਾ ਹੈ ਮਾੜਾ ਤੇ ਮਾੜੇ ਨਾਲ ਕਿਉਂ ਹੁੰਦਾ ਹੈ ਚੰਗਾ-ਜਾਣੋ ਗੁਰੂ ਨਾਨਕ ਦੇਵ ਜੀ ਦੀ ਇਸ ਸਾਖੀ ਤੋਂ
ਹੌਲੀ ਹੌਲੀ ਗੁਰੂ ਜੀ ਨੇ ਡਰੇ ਹੋਏ ਜਾਨਵਰ ਨੂੰ ਸ਼ਾਂਤ ਕੀਤਾ ਅਤੇ ਆਪਣੇ ਹੱਥ ਨਾਲ ਉਸ ਦੇ ਸਿਰ ਤੇ ਕੰਨਾਂ ਨੂੰ ਪਲੋਸਿਆ ਅਤੇ ਕਹਿਣ ਲੱਗੇ, ਯਾਦ ਕਰੋ ਇਹ ਉਹੀ ਸਬਜ਼ੀਆਂ ਵਾਲਾ ਗਧਾ ਹੈ। ਉਸ ਨੇ ਜਦੋਂ ਸ਼ੇਰ ਦੀ ਚਮੜੀ ਪਹਿਨੀ ਤਾਂ ਤੁਸੀਂ ਲੋਕ ਡਰ ਕੇ ਭੱਜਣ ਲੱਗੇ ਪਰ ਉਹ ਸ਼ੇਰ ਦੀ ਚਮੜੀ ਪਹਿਨਣ ਤੋਂ ਬਾਅਦ ਵੀ ਗਧਾ ਹੀ ਰਹੇਗਾ। ਗੁਰੂ ਜੀ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ਕਦੇ ਕਿਸੇ ‘ਤੇ ਜ਼ੁਲਮ ਨਾ ਕਰੋ। ਮਜਬੂਰ ਤੇ ਕਮਜ਼ੋਰ ‘ਤੇ ਹਰ ਕੋਈ ਜ਼ੁਲਮ ਢਾਹੁੰਦਾ ਹੈ ਤੇ ਤਾਕਤ ਤੋਂ ਲੋਕ ਡਰਦੇ ਹਨ। ਜਦੋਂ ਤੱਕ ਗਧਾ ਰੌਂਦਾ ਸੀ ਤਾਂ ਕੋਈ ਉਸ ਵੱਲ ਧਿਆਨ ਵੀ ਨਹੀਂ ਦਿੰਦਾ ਸੀ ਪਰ ਜਦੋਂ ਉਹੀ ਗਧਾ ਸ਼ੇਰ ਦੀ ਚਮੜੀ ਪਹਿਨ ਕੇ ਆਇਆ ਤਾਂ ਸਭ ਨੇ ਰਾਹ ਖਾਲੀ ਕਰ ਦਿੱਤੇ।