ਜਲੰਧਰ ਦੇ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਵਿਧਾਇਕ ਰਾਕੇਸ਼ ਪਾਂਡੇ ਅਤੇ ਫਤਿਹਜੰਗ ਬਾਜਵਾ ਦੇ ਪੁੱਤਰ ਤਰਸ ਦੇ ਅਧਾਰ ‘ਤੇ ਨੌਕਰੀ ਪ੍ਰਾਪਤ ਕਰਨ ਦੇ ਯੋਗ ਨਹੀਂ ਸਨ, ਇਸ ਲਈ ਪਿਛਲੀਆਂ ਸਰਕਾਰਾਂ ਨੇ ਉਨ੍ਹਾਂ ਨੂੰ ਨੌਕਰੀ ਨਹੀਂ ਦਿੱਤੀ। ਕਾਂਗਰਸ ਦੇ ਅੰਦਰੂਨੀ ਕਲੇਸ਼ ਕਰਕੇ ਜਦੋਂ ਕੁਰਸੀ ਖਤਰੇ ’ਚ ਪਈ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਨੌਕਰੀ ਉਨ੍ਹਾਂ ਨੂੰ ਦੇ ਦਿੱਤੀ।
ਕਾਲੀਆ ਨੇ ਕਿਹਾ ਕਿ ਇਸ ਲਈ ਨਿਯਮਾਂ ਨੂੰ ਵੀ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਇਸ ਦੀ ਸ਼ੁਰੂਆਤ ਕੈਪਟਨ ਅਮਰਿੰਦਰ ਸਿੰਘ ਨੇ 22 ਸਾਲ ਬਾਅਦ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਭਰਾ ਨੂੰ ਡੀਐਸਪੀ ਨਿਯੁਕਤ ਕਰਕੇ ਕੀਤੀ ਸੀ। ਇਸ ਵਜ੍ਹਾ ਨਾਲ ਕਾਂਗਰਸ ਅੰਦਰ ਹੀ ਇਸ ਦਾ ਵਿਰੋਧ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਅਜਿਹੇ ਨੇਤਾਵਾਂ ਤੋਂ ਸੁਚੇਤ ਹੋਣਾ ਚਾਹੀਦਾ ਹੈ।
ਮਨੋਰੰਜਨ ਕਾਲੀਆ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ 25 ਜੂਨ ਨੂੰ ਪੂਰੇ ਦੇਸ਼ ਵਿੱਚ ਐਮਰਜੈਂਸੀ ਲਗਾਈ ਸੀ, ਇਸ ਲਈ ਭਾਜਪਾ ਇਸ ਨੂੰ ਕਾਲਾ ਦਿਵਸ ਦੇ ਰੂਪ ਵਿੱਚ ਬਣਾ ਰਹੀ ਹੈ। ਲੋਕਤੰਤਰ ਦਾ ਉਸ ਦਿਨ ਨੂੰ ਗਲਾ ਘੁੱਟਿਆ ਗਿਆ ਸੀ। ਕਾਂਗਰਸ ਵਿਚ ਕਦੇ ਸੋਨੀਆ ਗਾਂਧੀ ਅਤੇ ਕਦੇ ਰਾਹੁਲ ਗਾਂਧੀ ਮਤਲਬ ਮਾਂ ਤੇ ਪੁੱਤਰ ਦੇ ਵਿਚਕਾਰ ਹੀ ਪ੍ਰਧਾਨ ਦੀ ਕੁਰਸੀ ਦੀ ਖੇਡ ਹੋ ਰਹੀ ਹੈ। ਕਿਸੇ ਤੀਜੇ ਵਿਅਕਤੀ ਨੂੰ ਮੌਕਾ ਨਹੀਂ ਮਿਲਦਾ। ਕਾਂਗਰਸ ਵਿਚ ਵੀ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ, ਜੈਰਾਮ ਰਮੇਸ਼ ਸਮੇਤ ਕਈ ਨੇਤਾਵਾਂ ਨੇ ਇਸ ਦਾ ਵਿਰੋਧ ਕੀਤਾ ਹੈ। ਇਸਦੇ ਉਲਟ ਭਾਜਪਾ ਵਿੱਚ ਅਮਿਤ ਸ਼ਾਹ ਤੋਂ ਬਾਅਦ ਜੇਪੀ ਨੱਡਾ ਪ੍ਰਧਾਨ ਬਣੇ।
ਮਨੋਰੰਜਨ ਕਾਲੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਨਵਜੋਤ ਸਿੱਧੂ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ ਹੈ। ਸਿੱਧੂ ਚਾਰ-ਪੰਜ ਸਾਲ ਕਿਤੇ ਰਹਿੰਦੇ ਹਨ ਅਤੇ ਫਿਰ ਨਵੀਂ ਪਾਰਟੀ ਵਿੱਚ ਚਲੇ ਜਾਂਦੇ ਹਨ। ਸਿੱਧੂ ਦੇ ਭਾਜਪਾ ਵਿੱਚ ਆਉਣ ਦੇ ਸਵਾਲ ’ਤੇ ਕਾਲੀਆ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਆਪਣੀ ਮਨਸ਼ਾ ਸਾਫ ਕਰਨੀ ਚਾਹੀਦੀ ਹੈ ਕਿ ਉਹ ਚਾਹੁੰਦੇ ਕੀ ਹਨ?
ਇਹ ਵੀ ਪੜ੍ਹੋ : ਕਿਸਾਨਾਂ ਨੂੰ ਮਿਲੇਗੀ 8 ਘੰਟੇ ਨਿਰਵਿਘਨ ਬਿਜਲੀ, ਕੈਪਟਨ ਨੇ PSPCL ਨੂੰ ਦਿੱਤੀਆਂ ਹਿਦਾਇਤਾਂ