ਪੰਜਾਬ ਵਿਚ ਕੋਰੋਨਾ ਇਨਫੈਕਸ਼ਨ ਦੇ ਨਵੇਂ ‘ਡੇਲਟਾ ਵੇਰੀਐਂਟ’ ਮਿਲਣ ਦੇ ਮਾਮਲੇ ਸੂਬਾ ਸਰਕਾਰ ਲਈ ਸਭ ਤੋਂ ਵੱਡੀ ਚੁਣੌਤੀ ਬਣ ਗਏ ਹਨ। ਹਾਲਾਂਕਿ ਲੁਧਿਆਣਾ ਅਤੇ ਪਟਿਆਲਾ ਵਿੱਚ ਪਏ ਡੇਲਟਾ ਪਲੱਸ ਵੇਰੀਐਂਟ ਦੇ ਦੋਵੇਂ ਮਰੀਜ਼ ਆਈਸੋਲੇਸ਼ਨ ਤੋਂ ਬਾਅਦ ਠੀਕ ਹੋ ਚੁੱਕੇ ਹਨ ਪਰ ਦੋ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬਾ ਸਰਕਾਰ ਨੇ ਇਸ ਦੀ ਜਾਂਚ ਲਈ ਪਟਿਆਲਾ ਜ਼ਿਲ੍ਹੇ ਵਿੱਚ ਇੱਕ ਲੈਬ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ।
ਸਰਕਾਰ ਵੱਲੋਂ ਲੈਬ ਲਈ ਵਿਸ਼ੇਸ਼ ਤੌਰ ’ਤੇ ਜਾਂਚ ਕਰਨ ਵਾਲੇ ਟੈਕਨੀਕਲ ਸਟਾਫ ਦੀ ਵੀ ਚੋਣ ਸ਼ੁਰੂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਦਾ ਕਹਿਣਾ ਹੈ ਕਿ ਪਟਿਆਲਾ ਵਿੱਚ ਸਥਾਪਿਤ ਹੋਣ ਵਾਲੀ ਲੈਬ ਲਗਭਗ 10 ਤੋਂ 12 ਦਿਨ ਵਿੱਚ ਸਥਾਪਿਤ ਹੋ ਜਾਵੇਗੀ। ਇਸ ਤੋਂ ਬਾਅਦ ਸੰਭਾਵਿਤ ਮਰੀਜ਼ਾਂ ਦੇ ਇੱਥੇ ਟੈਸਟ ਹੋ ਸਕਣਗੇ।
ਰਾਜ ਦੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਮਈ ਤੋਂ ਲੈ ਕੇ ਹੁਣ ਤੱਕ 490 ਅਜਿਹੇ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਨੂੰ ਡੇਲਟਾ ਵੇਰੀਐਂਟ ਦੇ ਸ਼ੱਕੀ ਕੇਸ ਮੰਨਿਆ ਜਾਂਦਾ ਹੈ। ਇਹ ਸਾਰੇ ਕੇਸ ਸਿਹਤ ਵਿਭਾਗ ਵੱਲੋਂ ਦਿੱਲੀ ਵਿੱਚ ਕੇਂਦਰ ਸਰਕਾਰ ਵੱਲੋਂ ਸਥਾਪਤ ਕੀਤੀ ਗਈ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ। ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਰਿਪੋਰਟ ਵਿੱਚ ਦੇਰ ਹੋਣਾ ਵੱਡੀ ਚੁਣੌਤੀ ਬਣੀ ਹੋਈ ਹੈ।
ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹਿਆਂ ਦੇ ਮਹਾਮਾਰੀ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਡੇਲਟਾ ਪਲੱਸ ਦੇ ਦੋਵੇਂ ਮਰੀਜ਼ ਮਈ ਦੇ ਮਹੀਨੇ ਵਿੱਚ ਕੋਵਿਡ ਤੋਂ ਪੀੜਤ ਹੋਏ ਸਨ। ਦੋਵੇਂ ਮਰੀਜ਼ ਪੂਰੀ ਸਾਵਧਾਨੀ ਤੋਂ ਬਾਅਦ ਘਰਾਂ ਵਿੱਚ ਆਈਸੋਲੇਸ਼ਨ ’ਚ ਰਹਿਣ ਤੋਂ ਬਾਅਦ ਠੀਕ ਹੋ ਚੁੱਕੇ ਹਨ। ਪਟਿਆਲਾ ਦੇ ਬਲਾਕ ਕੋਲੀ ਦੇ ਏਕਤਾ ਨਗਰ ਬੀ ਨੇੜੇ ਡੀਐਮਡਬਲਯੂ ਦੇ ਰਹਿਣ ਵਾਲੇ 26 ਸਾਲਾ ਨੌਜਵਾਨ ਦੀ ਮਈ ਵਿਚ ਕੋਵਿਡ ਰਿਪੋਰਟ ਪਾਜ਼ੀਟਿਵ ਆਈ ਸੀ।
ਇਹੀ ਨਹੀਂ ਉਸ ਵੇਲੇ ਉਸ ਦੇ ਨਾਲ ਆਏ ਇਲਾਕੇ ਦੇ ਚਾਰ ਮਰੀਜ਼ ਵੀ ਪਾਜ਼ੀਟਿਵ ਸਨ, ਜੋਕਿ ਹੋਮ ਹਾਈਸੋਲੇਸ਼ਨ ਰਾਹੀਂ ਠੀਕ ਹੋ ਚੁੱਕੇ ਹਨ। ਜ਼ਿਲ੍ਹਾ ਐਪਿਡੋਮੋਲਾਜਿਸਟ ਡਾ. ਸੁਮਿਤ ਸਿੰਘ ਨੇ ਦੱਸਿਆ, ਉਥੇ ਡੋਰ ਟੂ ਡੋਰ ਸਰਵੇਅ ਕਰਵਾਇਆ ਜਾ ਰਿਹਾ ਹੈ। ਡੇਲਟਾ ਪਲੱਸ ਵੇਰੀਏਂਟ ਦੇ ਦੋਵੇਂ ਮਰੀਜ਼ਾਂ ਨੂੰ ਟੈਸਟ ਦੀ ਸਹੂਲਤ ਛੇਤੀ ਮਿਲੇ ਅਤੇ ਇਲਾਜ ਵਿੱਚ ਦੇਰੀ ਨਾ ਹੋਵੇ।
ਇਹ ਵੀ ਪੜ੍ਹੋ : ਏਅਰਲਾਈਨਸ ਦੀ ਲਾਪਰਵਾਹੀ ਨਾਲ ਗਈ 28 ਸਾਲਾ ਯਾਤਰੀ ਦੀ ਜਾਨ, ਕਤਰ ਏਅਰਲਾਈਨਸ ਨੂੰ ਲੀਗਲ ਨੋਟਿਸ
ਇੱਕ ਡੇਲਟਾ ਮਰੀਜ਼ ਨੂੰ ਟੈਸਟ ਕਰਨ ਵਿੱਚ ਲਗਭਗ 5-7 ਦਿਨ ਲੱਗਦੇ ਹਨ। ਲੈਬ ਦੇ ਇਕ ਸਲਾਟ ਵਿਚ ਇਕੋ ਸਮੇਂ 96 ਮਰੀਜ਼ਾਂ ਦੀ ਜਾਂਚ ਕੀਤੀ ਜਾਂਦੀ ਹੈ, ਜਿਸਦੀ ਰਿਪੋਰਟ ਆਉਣ ਵਿਚ ਸਮਾਂ ਲੱਗਦਾ ਹੈ, ਇਸ ਲਈ ਟੈਸਟ ਦੀ ਰਿਪੋਰਟ ਨੂੰ ਦਿੱਲੀ ਭੇਜਣ ਵਿਚ 5 ਤੋਂ 6 ਦਿਨ ਦਾ ਸਮਾਂ ਲੱਗਦਾ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਪੰਜਾਬ ਵਿਚ ਲੈਬਾਂ ਖੋਲ੍ਹੀਆਂ ਜਾਣੀਆਂ ਚਾਹੀਦੀਆਂ ਹਨ। ਸਬੰਧਤ ਮਰੀਜ਼ਾਂ ਨੂੰ ਜਲਦੀ ਹੀ ਟੈਸਟ ਦੀ ਸਹੂਲਤ ਮਿਲਣੀ ਚਾਹੀਦੀ ਹੈ ਅਤੇ ਇਲਾਜ ਵਿਚ ਦੇਰੀ ਨਹੀਂ ਹੋਣੀ ਚਾਹੀਦੀ।