ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਮਾਈਨਿੰਗ ਮਾਫੀਆ ‘ਤੇ ਇਕ ਵਾਰ ਫਿਰ ਤੋਂ ਹੱਲਾ ਬੋਲਿਆ ਗਿਆ ਹੈ। ਅੱਜ ਸੁਖਬੀਰ ਬਾਦਲ ਵੱਲੋਂ ਮੁਕੇਰੀਆਂ ਵਿਖੇ ਫਿਰ ਤੋਂ ਰੇਡ ਮਾਰੀ ਗਈ ਹੈ। ਉਨ੍ਹਾਂ ਕਿਹਾ ਕਿ ਇਥੇ ਆ ਕੇ ਬਹੁਤ ਦੁੱਖ ਲੱਗਿਆ ਕਿ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੇਠ ਮੰਤਰੀ ਸੁੱਖ ਸਰਕਾਰੀਆ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਕਰਦੇ ਹੋਏ ਰੇਤ ਦੀ ਨਾਜਾਇਜ਼ ਖੁਦਾਈ ਕਰ ਰਹੇ ਹਨ।
ਸ. ਬਾਦਲ ਨੇ ਕਿਹਾ ਕਿ ਮੁਕੇਰੀਆਂ ਦੇ ਆਸ ਪਾਸ ਦੇ ਪਿੰਡਾਂ ‘ਚ ਮੰਤਰੀਆਂ ਦੀ ਸ਼ੈਅ ‘ਤੇ ਨਾਜ਼ਾਇਜ਼ ਮਾਈਨਿੰਗ ਹੋ ਰਹੀ ਹੈ। ਇਸ ਦੌਰਾਨ ਸੁਖਬੀਰ ਨੇ ਪੰਜਾਬ ਦੀ ਕੈਪਟਨ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸਰਕਾਰ ਦੇ ਕਥਨੀ ਤੇ ਕਰਨੀ ਵਿਚ ਬਹੁਤ ਫਰਕ ਹੈ। ਮੰਚਾਂ ‘ਤੇ ਦਾਅਵੇ ਕੀਤੇ ਜਾ ਰਹੇ ਹਨ ਕਿ ਗੈਰ ਕਾਨੂੰਨੀ ਮਾਈਨਿੰਗ ਦੀ ਆਗਿਆ ਨਹੀਂ ਦਿੱਤੀ ਜਾਏਗੀ, ਜਦੋਂਕਿ ਅਸਲੀਅਤ ਕੁਝ ਹੋਰ ਹੈ।
ਇਹ ਵੀ ਪੜ੍ਹੋ : ਬਿਜਲੀ ਸੰਕਟ ਦੌਰਾਨ ਪੰਜਾਬ ਦੀ ਇੰਡਸਟਰੀ ਲਈ ਫਿਰ ਤੋਂ ਹੋਏ ਨਵੇਂ ਹੁਕਮ ਜਾਰੀ
ਸੁਖਬੀਰ ਬਾਦਲ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਗੈਰ ਕਾਨੂੰਨੀ ਮਾਈਨਿੰਗ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਰਬਜੋਤ ਸਿੰਘ ਸਾਬੀ ਸਮੇਤ ਕਈ ਆਗੂ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਬਿਆਸ ਨਦੀ ਵਿੱਚ ਗੈਰਕਾਨੂੰਨੀ ਮਾਈਨਿੰਗ ਉੱਤੇ ਛਾਪਾ ਮਾਰਿਆ ਸੀ।
ਨਾਜਾਇਜ਼ ਮਾਈਨਿੰਗ ‘ਤੇ ਛਾਪੇਮਾਰੀ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵੀ ਗਰਮਾ ਗਈ ਹੈ। ਇਸ ਤੋਂ ਬਾਅਦ ਸਰਕਾਰ ਅਤੇ ਵਿਰੋਧੀ ਧਿਰ ਦਰਮਿਆਨ ਦੋਸ਼-ਇਲਜ਼ਾਮਾਂ ਦਾ ਦੌਰ ਸ਼ੁਰੂ ਹੋਇਆ। ਉਨ੍ਹਾਂ ਨੇ ਦੋਸ਼ ਲਾਇਆ ਕਿ ਬਿਆਸ ਨਦੀ ’ਤੇ ਛਾਪਾ ਮਾਰ ਕੇ ਸਰਕਾਰ ਨੇ ਉਸ ਖ਼ਿਲਾਫ਼ ਪਰਚਾ ਦਰਜ ਕਰ ਲਿਆ ਸੀ। ਹੁਣ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਦੂਜਾ ਪਰਚਾ ਮੇਰੇ ਵਿਰੁੱਧ ਤਿਆਰ ਰੱਖੋ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਗੈਰਕਾਨੂੰਨੀ ਮਾਈਨਿੰਗ ਵਿਰੁੱਧ ਵੱਡਾ ਖੁਲਾਸਾ ਕਰਨਗੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੰਨ੍ਹੇਵਾਹ ਗੈਰ ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਸਰਕਾਰ ਇਸ ‘ਤੇ ਜਾਂਚ ਕਰਨ ਵਿਚ ਅਸਫਲ ਸਾਬਤ ਹੋ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਬਿਜਲੀ ਸੰਕਟ ‘ਤੇ ਮਾਇਆਵਤੀ ਦਾ ਵੱਡਾ ਬਿਆਨ, ਕਿਹਾ- ‘ਕਾਂਗਰਸ ਨੇ ਆਪਸੀ ਝਗੜੇ ’ਚ ਉਲਝ ਕੇ ਲੋਕ ਭਲਾਈ ਦੀ ਜ਼ਿੰਮੇਵਾਰੀ ਤਿਆਗੀ’