ਗੁਰੂ ਸਾਹਿਬਾਨਾਂ ਦੀ ਬਾਣੀ ਮੁਤਾਬਕ ਇੱਕ ਸੱਚਾ ਯੋਗੀ ਉਹ ਹੈ ਜੋ ਆਪਣੀ ਰੋਜ਼ਾਨਾ ਦੀ ਜ਼ਿੰਦਗੀ ‘ਹਰਿ ਗੁਣ’ ਗਾਉਂਦੇ ਹੋਏ ਸੱਚ, ਇਮਾਨਦਾਰੀ, ਸੰਤੋਖ, ਦਇਆ, ਸਬਰ, ਸਹਿਜ (ਕੁਦਰਤੀ ਅਵਸਥਾ, ਗਿਆਨ, ਨਿਮਰਤਾ, ਮਿੱਠਾ ਬੋਲਦਾ ਹੋਇਆ ਬਤੀਤ ਕਰਦਾ ਹੈ।
ਕੀ ਯੋਗ ਨਹੀਂ ਹੈ–
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ ॥
ਬਾਣੀ ‘ਚ ਸਪੱਸ਼ਟ ਕਿਹਾ ਗਿਆ ਹੈ ਕਿ ਭਗਵੇ ਕੱਪੜੇ ਪਹਿਨਣਾ ਜਾਂ ਮੈਲਾ ਵੇਸ ਬਣਾਉਣਾ ਯੋਗ ਨਹੀਂ ਹੈ।
ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥
ਇਸ ਦੇ ਨਾਲ ਹੀ ਆਪਣਾ ਪਰਿਵਾਰ ਛੱਡ ਕੇ ਬਾਹਰ ਰੱਬ ਲੱਭਣ ਨੂੰ ਵੀ ਯੋਗੀ ਨਹੀਂ ਕਿਹਾ ਜਾ ਸਕਦਾ।
ਜੋਗੁ ਨ ਖਿੰਥਾ ਜੋਗੁ ਨ ਡੰਡੈ ਜੋਗੁ ਨ ਭਸਮ ਚੜਾਈਐ ॥ ਜੋਗੁ ਨ ਮੁੰਦੀ ਮੂੰਡਿ ਮੁਡਾਇਐ ਜੋਗੁ ਨ ਸਿੰਙੀ ਵਾਈਐ ॥
ਗੋਦੜੀ ਪਹਿਨ ਲੈਣਾ, ਡੰਡਾ ਹੱਥ ਵਿਚ ਫੜਣਾ, ਸਰੀਰ ਉਤੇ ਸੁਆਹ (ਭਸਮ) ਮਲ ਲੈਣਾ, ਕੰਨਾਂ ਵਿਚ ਮੁੰਦ੍ਰਾਂ ਪਾ ਲੈਣਾ, ਸਿਰ ਮੁਨਾ ਲੈਣਾ, ਸਿੰਙੀ ਵਜਾਉਣਾ ਇਹ ਸਭ ਯੋਗ ਨਹੀਂ ਹੈ। ਇਸ ਨਾਲ ਪ੍ਰਮਾਤਮਾ ਨਹੀਂ ਮਿਲਦਾ।
ਯੋਗ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ-
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥
ਹਰ ਵੇਲੇ ਅੱਖਾਂ ਵਿੱਚ ਉਹ ਨਿਰੰਜਨ ਰਹੇ ਭਾਵ ਮਨ ਉਸ ਅਕਾਲ ਪੁਰਖ ਨਾਲ ਜੁੜਿਆ ਰਹੇ, ਇਸੇ ਜੋਗ ਦੀ ਜੁਗਤਿ ਨਾਲ ਉਸ ਪ੍ਰਮਾਤਮਾ ਨੂੰ ਪਾਇਆ ਜਾ ਸਕਦਾ ਹੈ।
ਗਲੀ ਜੋਗੁ ਨ ਹੋਈ ॥ ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥੧॥
ਗੱਲਾਂ ਨਾਲ ਜੋਗ ਨਹੀਂ ਹੁੰਦਾ, ਉਸੇ ਮਨੁੱਖ ਨੂੰ ਜੋਗੀ ਕਿਹਾ ਜਾ ਸਕਦਾ ਹੈ ਜੋ ਸਭ ਜੀਵਾਂ ਨੂੰ ਇੱਕ ਨਜ਼ਰ ਨਾਲ ਦੇਖੇ, ਭਾਵ ਇਕੋ ਜਿਹਾ ਸਮਝੇ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 938 ‘ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ‘ਸਿੱਧ ਗੋਸ਼ਟੀ’ ਦਰਜ ਹੈ। ਉਸ ਦੇ ਕੁਲ 73 ਪਉੜੀਆਂ ਹਨ ਅਤੇ ਸਿਰਫ ਇੱਕ ਰਹਾਉ ਹੈ-
ਕਿਆ ਭਵੀਐ ਸਚਿ ਸੂਚਾ ਹੋਇ ॥ ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥
ਗੁਰੂ ਸਾਹਿਬ ਨੇ ਜੋਗੀਆਂ ਨੂੰ ਕਿਹਾ ਕਿ ਇਧਰ-ਉਧਰ ਭਟਕਣ ਦਾ ਕੋਈ ਫਾਇਦਾ ਨਹੀਂ ਹੈ। ਸੱਚ ਨਾਲ ਜੁੜ ਕੇ ਹੀ ਸੁੱਚਾ (ਪਵਿੱਤਰ) ਹੋਇਆ ਜਾ ਸਕਦਾ ਹੈ। ਸੱਚੇ ਸ਼ਬਦ ਨਾਲ ਜੁੜਨ ਤੋਂ ਬਾਅਦ ਮੁਕਤੀ ਨਹੀਂ ਹੈ।
ਇਹ ਵੀ ਪੜ੍ਹੋ : ਗੁਰਸਿੱਖ ਲਈ ਕੀ ਹੈ ‘ਯੋਗ’ ਤੇ ‘ਯੋਗੀ’ ਜੀਵਨ- ਆਓ ਜਾਣਦੇ ਹਾਂ ਕੀ ਕਹਿੰਦੀ ਹੈ ਗੁਰਬਾਣੀ