ਗੁਰੂ ਨਾਨਕ ਦੇਵ ਜੀ ਜਦੋਂ ਸੈਦਪੁਰ ਪਹੁੰਚੇ ਤਾਂ ਹਿੰਦੂ ਅਤੇ ਮੁਸਲਮਾਨ ਲਾਸ਼ਾਂ ਦਫਨਾਉਣ ਤੇ ਸਾੜਨ ਵਿੱਚ ਲੱਗੇ ਹੋਏ ਸਨ। ਦਿੱਲੀ ਦੇ ਸੁਲਤਾਨ ਇਬ੍ਰਾਹੀਮ ਲੋਧੀ ਦੇ ਪੈਰੋਕਾਰਾਂ ਅਤੇ ਬਾਬਰ ਦੀ ਫੌਜ ਦੇ ਆਪਸੀ ਵਿਰੋਧ ਨੇ ਪੂਰੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਇਮਾਰਤਾਂ ਸੜਾਈਆਂ ਗਈਆਂ ਤੇ ਖੰਡਰਾਂ ਵਿੱਚ ਤਬਦੀਲ ਕਰ ਦਿੱਤੀਆਂ ਗਈਆਂ। ਹਰ ਘਰ ਵਿੱਚ ਚੀਕ-ਚਿਹਾੜਾ ਸੁਣਾਈ ਦੇ ਰਿਹਾ ਸੀ। ਬੇਕਸੂਰ ਔਰਤਾਂ ਅਤੇ ਬੱਚੇ ਉਨ੍ਹਾਂ ਵਿੱਚ ਰੌਂਦੇ ਕੁਰਲਾਉਂਦੇ ਕਤਲ ਦਿੱਤੇ ਗਏ।
ਜਦੋਂ ਇਸ ਤਬਾਹੀ ਦਾ ਮੰਜ਼ਰ ਦੇਖਿਆ ਤਾਂ ਮਰਦਾਨਾ ਨੇ ਪੁੱਛਿਆ, “ਇੰਨੇ ਬੇਕਸੂਰੇ ਲੋਕਾਂ ਦੀ ਜ਼ਿੰਦਗੀ ਕਿਉਂ ਖਤਮ ਕੀਤੀ ਗਈ? ਇਹ ਕਿਹੋ ਜਿਹਾ ਇਨਸਾਫ ਹੈ? ਮਾਰੇ ਗਏ ਜ਼ਿਆਦਾਤਰ ਲੋਕ ਇਮਾਨਦਾਰ, ਮਿਹਨਤੀ ਆਦਮੀ ਸਨ ਅਤੇ ਔਰਤਾਂ ਅਤੇ ਬੱਚਿਆਂ ਨਾਲ ਅਜਿਹਾ ਕਿਸ ਤਰ੍ਹਾਂ ਕੀਤਾ ਜਾ ਸਕਦਾ ਸੀ? ਮੈਨੂੰ ਸਮਝ ਨਹੀਂ ਆ ਰਿਹਾ ਕਿ ਪ੍ਰਮਾਤਮਾ ਅਜਿਹਾ ਕਿਵੇਂ ਹੋਣ ਦੇ ਸਕਦੇ ਹਨ।”
ਗੁਰੂ ਜੀ ਨੇ ਜਵਾਬ ਦਿੱਤਾ, “ਭਾਈ ਮਰਦਾਨਾ ਜੀ! ਮੈਨੂੰ ਸ਼ਹਿਰ ਦੇ ਦੂਜੇ ਹਿੱਸੇ ਵਿੱਚ ਕੁਝ ਕੰਮ ਹੈ, ਤੁਸੀਂ ਇਥੇ ਆਰਾਮ ਕਰੋ, ਇਸ ‘ਤੇ ਅਸੀਂ ਵਾਪਿਸ ਆ ਕੇ ਚਰਚਾ ਕਰਾਂਗੇ।”
ਭਾਈ ਮਰਦਾਨਾ ਬੋਹੜ ਦੇ ਰੁੱਖ ਹੇਠਾਂ ਸੌਂ ਗਏ ਅਤੇ ਛੇਤੀ ਹੀ ਉਨ੍ਹਾਂ ਨੂੰ ਨੀਂਦ ਆ ਗਈ। ਅਚਾਨਕ ਉਨ੍ਹਾਂ ਦੀ ਲੱਤ ‘ਤੇ ਕੁਝ ਦੰਦੀ ਵੱਢਣ ਨਾਲ ਉਨ੍ਹਾਂ ਦੀ ਜਾਗ ਖੁੱਲ੍ਹ ਗਈ। ਉਨ੍ਹਾਂ ਵੇਖਿਆ ਕਿ ਉਨ੍ਹਾਂ ਦੀ ਲੱਤ ਕੋਲ ਕੀੜੀਆਂ ਹੀ ਕੀੜੀਆਂ ਸਨ। ਉਹ ਉਛਲਣ ਲੱਗੇ, ਆਪਣੀਆਂ ਲੱਤਾਂ ‘ਤੇ ਕਦੇ ਥੱਪੜ ਮਾਰਦੇ ਅਤੇ ਕਦੇ ਪੈਰਾਂ ਨੂੰ ਜ਼ਮੀਨ ‘ਤੇ ਪਟਕਦੇ। ਜਦੋਂ ਉਨ੍ਹਾਂ ਨੂੰ ਤਸੱਲੀ ਹੋ ਗਈ ਕਿ ਹੁਣ ਸਾਰੀਆਂ ਕੀੜੀਆਂ ਮਰ ਗਈਆਂ ਹਨ ਤਾਂ ਉਨ੍ਹਾਂ ਸਾਹਮਣੇ ਗੁਰੂ ਨਾਨਕ ਦੇਵ ਜੀ ਨੂੰ ਮੁਸਕਰਾਉਂਦੇ ਵੇਖਿਆ।
ਇਹ ਵੀ ਪੜ੍ਹੋ : ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫ੍ਰੈਂਚ, ਸਪੈਨਿਸ਼ ਤੇ ਅਰਬੀ ਭਾਸ਼ਾਵਾਂ ‘ਚ ਹੋਵੇਗਾ ਤਰਜਮਾ, SGPC ਨੇ ਬਣਾਈ ਮਾਹਰਾਂ ਦੀ ਕਮੇਟੀ
ਗੁਰੂ ਜੀ ਨੇ ਕਿਹ, “ਉਨ੍ਹਾਂ ਵਿਚੋਂ ਇਕ ਕੀੜੀ ਤੁਹਾਨੂੰ ਦੰਦੀ ਵੱਢੀ ਸੀ ਅਤੇ ਦੇਖੋ ਕਿ ਤੁਸੀਂ ਉਨ੍ਹਾਂ ਦੀ ਪੂਰੀ ਆਬਾਦੀ ਨਾਲ ਕੀ ਕੀਤਾ ਹੈ। ਤੁਸੀਂ ਕਿੰਨੇ ਬੇਕਸੂਰਾਂ ਨੂੰ ਮਾਰ ਦਿੱਤਾ? ਅਤੇ ਦੋਸ਼ੀ ਕਿੱਥੇ ਹੈ?” ਬਾਬਾ ਨਾਨਕ ਨੇ ਕਿਹਾ ਸਭ ਇਸੇ ਤਰ੍ਹਾਂ ਹੀ ਚੱਲਦਾ ਆਇਆ ਹੈ, ਇੱਕ ਕਰਕੇ ਕਈ ਬੇਕਸੂਰੇ ਮਾਰੇ ਜਾ ਰਹੇ ਹਨ। ਭਾਈ ਮਰਦਾਨਾ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਏ।