ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਆਪਣਾ ਪਰਿਵਾਰ ਆਪਣਾ ਕੰਮ ਕਾਜ ਦੇਖਣ ਨੂੰ ਖਡੂਰ ਸਾਹਿਬ ਭੇਜ ਦਿਤਾ ਪਰ ਉਥੇ ਉਨ੍ਹਾਂ ਦਾ ਮਨ ਨਹੀਂ ਲੱਗਾ। ਆਪਣੇ ਪਰਿਵਾਰ ਨੂੰ ਘਰ- ਬਾਹਰ ਦੀ ਜ਼ਿੰਮੇਵਾਰੀ ਸੌਂਪ ਕੇ ਮੁੜ ਵਾਪਸ ਕਰਤਾਰਪੁਰ ਆ ਗਏ।
ਜਦੋਂ ਕਰਤਾਰਪੁਰ ਪੁਜੇ ਤਾਂ ਗੁਰੂ ਨਾਨਕ ਸਾਹਿਬ ਖੇਤਾਂ ਵਿਚ ਕੰਮ ਕਰ ਰਹੇ ਸੀ। ਜਾਕੇ ਮਥਾ ਟੇਕਿਆ ਤੇ ਕੰਮ ਵਿਚ ਹੱਥ ਵਟਾਉਣ ਲਗ ਪਏ। ਸ਼ਾਮ ਨੂੰ ਦੋ ਪੰਡਾਂ ਘਾਹ ਦੀਆਂ ਤਿਆਰ ਹੋ ਗਈਆਂ। ਇਕ ਪੰਡ ਭਾਈ ਲਹਿਣਾ ਜੀ ਨੂੰ ਚੁਕਵਾ ਦਿਤੀ ਤੇ ਦੂਸਰੀ ਆਪ ਚੁਕ ਲਈ। ਭਾਈ ਲਹਿਣਾ ਜੀ ਦੇ ਰੇਸ਼ਮੀ ਕਪੜੇ ਸਾਰੇ ਚਿਕੜ ਨਾਲ ਲਬੋ-ਲਬ ਭਰ ਗਏ। ਜਦ ਮਾਤਾ ਸੁਲਖਣੀ ਨੇ ਦੇਖਿਆ ਤਾਂ ਕਿਹਾ ਕਿ ਆਪ ਤਾਂ ਤੁਸੀਂ ਚੁੱਕੀ ਪਰ ਇਨ੍ਹਾਂ ਨੂੰ ਚਿਕੜ ਨਾਲ ਭਰੀ ਪੰਡ ਕਿਓਂ ਚੁਕਵਾ ਦਿਤੀ।
ਗੁਰੂ ਨਾਨਕ ਦੇਵ ਜੀ ਭਾਈ ਲਹਿਣਾ ਵੱਲ ਵੇਖ ਕੇ ਹੱਸ ਪਏ ਅਤੇ ਫੁਰਮਾਨ ਕੀਤਾ “ਸੁਲੱਖਣੀ! ਇਨ੍ਹਾਂ ਦੇ ਸਿਰ ‘ਤੇ ਘਾਹ ਦੀ ਪੰਡ ਨਹੀਂ, ਇਹ ਤਾਂ ਦੀਨ ਦੁਨਿਆ ਦਾ ਛਤਰ ਹੈ , ਇਹ ਚਿੱਕੜ ਨਹੀਂ ਕੇਸਰ ਦੇ ਛਿੱਟੇ ਹਨ । ਪ੍ਰਮਾਤਮਾ ਨੇ ਆਪ ਇਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੰਭਾਲਣ ਲਈ ਚੁਣਿਆ ਹੈ । ਭਾਈ ਲਹਿਣਾ ਜੀ ਨੇ ਇਸ ਹੁਕਮ ਨੂੰ ਪ੍ਰਵਾਨ ਕੀਤਾ। ਬਸ ਫਿਰ ਕੀ ਸੀ ਉਹ ਗੁਰੂ ਨਾਨਕ ਸਹਿਬ ਨਾਲ ਸੇਵਾ ਕਰਨ ਵਿਚ ਜੁਟ ਪਏ । ਉਹ ਹਰ ਕੰਮ ਬੜੀ ਸ਼ਰਧਾ ਤੇ ਪਿਆਰ ਨਾਲ ਕਰਦੇ ਤੇ ਹਮੇਸ਼ਾਂ ਅਗਲੇ ਹੁਕਮ ਲਈ ਤਿਆਰ ਬਰ ਤਿਆਰ ਰਹਿੰਦੇ।