ਫਰੀਦਕੋਟ ਜ਼ਿਲ੍ਹੇ ਵਿੱਚ ਪਿਛਲੇ ਮਹੀਨੇ 400 ਤੋਤਿਆਂ ਦੀ ਮੌਤ ਮਾਮਲਾ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਕੋਲ ਪਹੁੰਚ ਗਿਆ ਹੈ। ਐਨਜੀਟੀ ਨੇ ਚੀਫ ਵਾਈਲਡ ਲਾਈਫ ਵਾਰਡਨ ਪੰਜਾਬ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਇਸ ਮਾਮਲੇ ਦੀ ਜਾਂਚ ਕਰਨ।
ਐਨਜੀਟੀ ਨੇ ਇਹ ਆਦੇਸ਼ ਚੰਡੀਗੜ੍ਹ ਸਥਿਤ ਐਡਵੋਕੇਟ-ਕਮ-ਸਮਾਜ ਸੇਵੀ ਐਚ.ਸੀ. ਅਰੋੜਾ ਦੁਆਰਾ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦਿੱਤੇ, ਜਿਸ ਨੇ ਫਰੀਦਕੋਟ ਵਿੱਚ ਜਾਮਣ ਦੇ ਦਰੱਖਤ ਹੇਠਾਂ ਮ੍ਰਿਤ ਹਾਲਤ ਵਿੱਚ ਮਿਲੇ ਤੋਤਿਆਂ ਦੀ ਮੌਤ ਦੀ ਜਾਂਚ ਦੀ ਮੰਗ ਕੀਤੀ ਸੀ।
ਪਟੀਸ਼ਨ ਵਿਚ ਅਰੋੜਾ ਨੇ ਦੋਸ਼ ਲਾਇਆ ਸੀ ਕਿ 11 ਜੂਨ ਨੂੰ ਫਰੀਦਕੋਟ ਦੇ ਵੱਖ-ਵੱਖ ਮਿੰਨੀ ਸੈਕਟਰੀਏਟ ਵਿੱਚ ਜਾਮਣ ਦੇ ਦਰੱਖਤਾਂ ਹੇਠ 400 ਤੋਤਿਆਂ ਮ੍ਰਿਤ ਹਾਲਤ ਵਿੱਚ ਮਿਲੇ ਸਨ। ਕਥਿਤ ਤੌਰ ‘ਤੇ ਜਾਮਣਾਂ ‘ਤੇ ਕੁਝ ਰਸਾਇਣਕ ਸਪਰੇਅ ਛਿੜਕਿਆ ਹੋਇਆ ਸੀ।
ਉਸਨੇ ਪ੍ਰਸ਼ਾਸਨ ਦੇ ਇਸ ਦਾਅਵੇ ਦਾ ਖੰਡਨ ਕੀਤਾ ਕਿ ਤੋਤਿਆਂ ਦੀ ਮੌਤ ਰੇਤ ਦੇ ਤੂਫਾਨ ਕਾਰਨ ਹੋਈ ਹੈ ਕਿਉਂਕਿ ਜਾਮਣ ਦੇ ਰੁੱਖਾਂ ਤੋਂ ਇਲਾਵਾ ਕਿਤੇ ਹੋਰ ਕੋਈ ਤੋਤਾ ਮ੍ਰਿਤ ਹਾਲਤ ਵਿੱਚ ਨਹੀਂ ਮਿਲਿਆ ਸੀ।
ਇਹ ਵੀ ਪੜ੍ਹੋ : ਸੰਸਦ ਮੈਂਬਰ ਰਵਨੀਤ ਬਿੱਟੂ ਦੀ ਵਧਾਈ ਗਈ ਸੁਰੱਖਿਆ, Gemer ਤੇ ਬੁਲੇਟਪਰੂਫ ਗੱਡੀ ਨਾਲ ਮਿਲੇ 30 ਗੰਨਮੈਨ
ਐਡਵੋਕੇਟ ਅਰੋੜਾ ਨੇ ਜ਼ਿਕਰ ਕੀਤਾ ਹੈ ਕਿ ਆਪਣੀ ਪਟੀਸ਼ਨ ਵਿਚ ਉਸ ਨੇ ਫਰੀਦਕੋਟ ਦੇ ਪ੍ਰਸਿੱਧ ਪੰਛੀ ਪ੍ਰੇਮੀ ਸ਼ੰਕਰ ਸ਼ਰਮਾ ਦੁਆਰਾ ਵੱਲੋਂ ਦਿੱਤਾ ਗਿਆ ਰਿਕਾਰਡ ਪੇਸ਼ ਕੀਤਾ ਕਿ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਫਰੀਦਕੋਟ ਕਸਬੇ ਵਿਚ ਵੱਡੀ ਗਿਣਤੀ ਵਿਚ ਤੋਤਿਆਂ ਦੀ ਮੌਤ ਹੋ ਰਹੀ ਹੈ।
ਐਨਜੀਟੀ ਨੇ ਚੀਫ ਵਾਈਲਡ ਲਾਈਫ ਵਾਰਡਨ ਪੰਜਾਬ ਨੂੰ ਵਾਤਾਵਰਣ ਵਿਭਾਗ ਜਾਂ ਕਿਸੇ ਹੋਰ ਮਾਹਰ ਨਾਲ ਤਾਲਮੇਲ ਕਰਕੇ ਜਾਂਚ ਕਰਾਉਣ ਅਤੇ ਇਸ ਮਾਮਲੇ ਵਿਚ ਕਾਰਵਾਈ ਕਰਨ ਦੀਆਂ ਹਿਦਾਇਤਾਂ ਦਿੱਤੀਆਂ ਹਨ।