ਗੁਰੂ ਨਾਨਕ ਦੇਵ ਜੀ ਦਾ ਇੱਕ ਸਿੱਖ ਭਾਈ ਜੋਧ ਖਡੂਰ ਦਾ ਵਸਨੀਕ ਸੀ। ਉਹ ਹਰ ਰੋਜ਼ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ ਕਰਕੇ, ਜਪੁਜੀ ਸਾਹਿਬ ਅਤੇ ਆਸਾ ਦੀ ਵਾਰ ਦਾ ਪਾਠ ਬੜੀ ਮਿੱਠੀ ਸੁਰੀਲੀ ਆਵਾਜ਼ ਵਿਚ ਕਰਦਾ ਹੁੰਦਾ ਸੀ। ਇਕ ਦਿਨ ਉਹ ਪਿੰਡੋਂ ਬਾਹਰ ਇਕ ਟੋਬੇ ਕੋਲ ਬੈਠਾ ਪਾਠ ਕਰ ਰਿਹਾ ਸੀ। ਉਧਰੋਂ ਰਾਤ ਭਰ ਦੇਵੀ ਦੇ ਜੋਤ ਉਦਾਲੇ ਜਗਰਾਤਾ ਕਰਨ ਪਿੱਛੋਂ ਸਵੇਰੇ ਇਸ਼ਨਾਨ ਕਰਨ ਲਈ ਸ਼੍ਰੀ ਲਹਿਣਾ ਜੀ ਵੀ ਉਸ ਟੋਬੇ ਉਤੇ ਪੁੱਜ ਗਏ। ਗੁਰਬਾਣੀ ਦੇ ਪਾਠ ਦੀ ਆਵਾਜ਼ ਉਨ੍ਹਾਂ ਦੇ ਕੰਨੀਂ ਪਈ। ਸੁਣਦਿਆਂ ਹੀ ਅੰਦਰ ਇਕ ਧੂਰ ਜਿਹੀ ਪਈ। ਉਹ ਭਾਈ ਜੋਧ ਜੀ ਦੇ ਕੋਲ ਜਾ ਬੈਠੇ।
ਭਾਈ ਜੋਧ ਪਾਠ ਕਰੀ ਗਿਆ ਤੇ ਸ਼੍ਰੀ ਲਹਿਣਾ ਜੀ ਪਾਸ ਬੈਠੇ ਸੁਣੀ ਗਏ। ਗੁਰਬਾਣੀ ਸ਼੍ਰੀ ਲਹਿਣਾ ਜੀ ਦੇ ਅੰਦਰ ਧੱਸ ਗਈ। ਉਨ੍ਹਾਂ ਦੇ ਮਨ ਨੂੰ ਅਜਿਹੀ ਸ਼ਾਂਤੀ ਪ੍ਰਾਪਤ ਹੋਈ, ਜਿਹੜੀ ਆਪ ਨੇ ਅੱਗੇ ਕਦੇ ਮਹਿਸੂਸ ਨਹੀਂ ਸੀ ਕੀਤੀ। ਜਦ ਭਾਈ ਜੋਧ ਨੇ ਪਾਠ ਦਾ ਭੋਗ ਪਾ ਲਿਆ ਤਾਂ ਸ਼੍ਰੀ ਲਹਿਣਾ ਜੀ ਨੇ ਪੁੱਛਿਆ ਤੁਸੀਂ ਕਿਸ ਦੀ ਬਾਣੀ ਪੜ੍ਹਦੇ ਗਾਉਂਦੇ ਸਉਂ? ਭਾਈ ਜੋਧ ਨੇ ਕਿਹਾ, ਇਹ ਸੱਚੀ, ਧੁਰ ਕੀ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ, ਜੋ ਆਪ ਜੀਵਾਂ ਦੇ ਆਧਾਰ ਲਈ ਨਿਰੰਕਾਰ ਦੀ ਹਜ਼ੂਰੀ ਵਿਚੋਂ ਲਿਆਏ ਹਨ। ਹੋਰ ਪੁੱਛਣ ‘ਤੇ ਭਾਈ ਜੋਧ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਨਿਵਾਸ ਕਰਦੇ ਤੇ ਜੀਵਾਂ ਨੂੰ ਤਾਰਦੇ ਹਨ।
ਇਹ ਵੀ ਪੜ੍ਹੋ : ਸੱਚੇ ਦਿਲ ਨਾਲ ਕੀਤੀ ਅਰਦਾਸ ਦੀ ਤਾਕਤ, ਪੜ੍ਹੋ ਭਾਈ ਤਲੋਕਾ ਦੀ ਇਹ ਸਾਖੀ
ਸ਼੍ਰੀ ਲਹਿਣਾ ਜੀ ਦੇ ਅੰਦਰ ਖਿਚ ਪਈ ਅਤੇ ਗੁਰੂ ਜੀ ਦੇ ਦਰਸ਼ਨਾਂ ਲਈ ਤਾਂਘ ਉਠੀ। ਇਹ ਤਾਂਘ ਦਿਨੋ-ਦਿਨ ਵਧਦੀ ਗਈ ਤੇ ਹੋਰ ਡੂੰਘੀ ਹੁੰਦੀ ਗਈ। ਉਸੇ ਸਾਲ ਸ਼੍ਰੀ ਲਹਿਣਾ ਜੀ ਅੱਗੇ ਵਾਕਰ ਦੇਵੀ ਭਗਤਾਂ ਦਾ ਸੰਗ ਲੈ ਕੇ ਦੇਵੀ ਅਸਥਾਨ ਦੀ ਯਾਤਰਾ ਲਈ ਜਵਾਲਾਮੁਖੀ ਨੂੰ ਤੁਰੇ ਪਰ ਸਲਾਹ ਬਣਾਈ ਕਿ ਇਸ ਵਾਰ ਕਰਤਾਰਪੁਰ ਹੋ ਕੇ ਜਾਣਾ ਹੈ ਤੇ ਬਾਬੇ ਨਾਨਕ ਦੇ ਦਰਸ਼ਨ ਕਰਨੇ ਹਨ।