ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪੰਜ ਕਕਾਰ ਸਿੱਖ ਪੰਥ ਨੂੰ ਇੱਕ ਮਹਾਨ ਦੇਣ ਹੈ। ਗੁਰਸਿੱਖ ਲਈ ਜਿੱਥੇ ਮਨ ਦੀ ਰਹਿਤ ਜ਼ਰੂਰੀ ਹੈ, ਉੱਥੇ ਤਨ ਦੀ ਰਹਿਤ ਰੱਖਣੀ ਵੀ ਉੱਨੀ ਹੀ ਜ਼ਰੂਰੀ ਹੈ। ਤਨ ਦੀ ਰਹਿਤ ਹਨ ਪੰਜ ਕਕਾਰ : ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ।
ਜਿਵੇਂ ਖੇਤ ਵਿਚ ਬੀਜ ਪਾਉਣਾ ਜ਼ਰੂਰੀ ਹੈ, ਉਵੇਂ ਹੀ ਫ਼ਸਲ ਦੀ ਰਾਖੀ ਲਈ ਵਾੜ ਲਾਉਣਾ ਵੀ ਬਹੁਤ ਜ਼ਰੂਰੀ ਹੈ। ਪੰਜ ਕਕਾਰ ਸਿੱਖੀ ਗੁਣਾਂ ਦੀ ਫ਼ਸਲ ਲਈ ਵਾੜ ਰੂਪ ਹਨ ਜੋ ਧਾਰਨ ਕਰਨੇ ਅਤਿ ਜ਼ਰੂਰੀ ਹਨ। ਤਾਂ ਆਓ ਚਰਚਾ ਕਰਦੇ ਹਾਂ ਪੰਜ ਕਕਾਰਾਂ ‘ਤੇ-
ਕੇਸ
ਕੇਸ ਗੁਰੂ ਦੀ ਬਖਸ਼ਿਸ਼ ਦੀ ਮੋਹਰ ਹੈ। ਸਿਰ ਤੋਂ ਲੈਕੇ ਪੈਰਾਂ ਤੱਕ ਸਾਬਤ ਕੇਸ ਸਿੱਖ ਦਾ ਨਿਆਰਾ ਰੂਪ ਖ਼ਾਲਸਾ ਹੋਣਾ ਦਰਸਾਉਂਦੇ ਹਨ। ਸਿੱਖ ਨੂੰ ਕੁਦਰਤ ਵੱਲੋਂ ਮਿਲਿਆ ਇਹ ਤੋਹਫ਼ਾ ਭਾਉਂਦਾ ਹੈ। ਉਹ ਅਕਾਲ ਪੁਰਖ ਦੀ ਰਜ਼ਾ ਵਿਚ ਰਾਜ਼ੀ ਹੋ ਕੇ ਉਸਦੀ ਹਰ ਦਾਤ ਨੂੰ ਪ੍ਰਵਾਨ ਕਰਦਾ ਹੈ।
ਪੁਰਾਤਨ ਗੁਰਸਿੱਖਾਂ ਦੀਆਂ ਕਈ ਸ਼ਹਾਦਤਾਂ ਹੀ ਇਸ ਕਾਰਨ ਹੋਈਆਂ ਕਿ ਸਾਡਾ ਸਿੱਖੀ ਸਰੂਪ ਕਾਇਮ ਰਹਿ ਸਕੇ। ਗੁਰੂ ਗੋਬਿੰਦ ਸਿੰਘ ਜੀ ਦੇ ਬਖਸ਼ੇ ਇਸ ਨਿਆਰੇ ਸਰੂਪ ਸਦਕਾ ਹੀ ਸਿੱਖ ਧਰਮ ਦੀ ਵਿਲੱਖਣਤਾ ਹੈ। ਦੁਨੀਆ ਵਿਚ ਜਿੱਥੇ ਵੀ ਸਿੱਖਾਂ ਨੇ ਆਪਣੇ ਇਸ ਨਿਆਰੇ ਸਰੂਪ ਨੂੰ ਕਾਇਮ ਰੱਖਿਆ ਹੈ ਉੱਥੇ ਹੀ ਉਹਨਾਂ ਦੀ ਹੋਂਦ ਇੱਕ ਵਖਰੀ ਕੌਮ ਦੇ ਰੂਪ ਵਿਚ ਸਥਾਈ ਰੂਪ ਵਿਚ ਪਰਗਟ ਹੋਈ।
ਗੁਰੂ ਸਾਹਿਬ ਨੇ ਕੇਸ ਰੱਖਣ ਦਾ ਅਸੂਲ ਹੀ ਇਸ ਕਰਕੇ ਬਣਾਇਆ ਕਿ ਜੇ ਕੋਈ ਸਿੱਖ ਆਪਣੇ ਸਰੂਪ ਨੂੰ ਵਿਗਾੜੇ ਤਾਂ ਉਸੇ ਵਕਤ ਪਤਾ ਲੱਗ ਜਾਵੇ ਕਿ ਕਿੰਨੀ ਕੁ ਢਾਹ ਲੱਗ ਚੁੱਕੀ ਹੈ ਤਾਂ ਕਿ ਖ਼ਾਲਸਾ ਪੰਥ ਸਾਵਧਾਨ ਹੋ ਕੇ ਇਸ ਨੂੰ ਰੋਕਣ ਦਾ ਉਪਰਾਲਾ ਕਰੇ।
ਕੰਘਾ
ਕੰਘਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਢਿੱਲੜ ਨਹੀਂ ਅਤੇ ਨਾ ਹੀ ਜੋਗੀਆਂ ਦੀ ਤਰ੍ਹਾਂ ਕੇਸਾਂ ਨੂੰ ਮੈਲਾ ਰੱਖ-ਰੱਖ ਕੇ ਜਟਾਵਾਂ ਦਾ ਰੂਪ ਦਿੰਦਾ ਹੈ ਬਲਕਿ ਸਿੱਖ ਤਾਂ ਸਦਾ ਚੁਸਤ ਤੇ ਸਾਫ਼-ਸੁਥਰਾ ਰਹਿੰਦਾ ਹੈ। ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਜਿਵੇਂ ਸਿੱਖ ਸਵੇਰੇ-ਸ਼ਾਮ ਦੋਨੋਂ ਵਕਤ ਕੰਘਾ ਕਰਕੇ ਜਿਉਂਦਿਆਂ ਕੇਸਾਂ ਨੂੰ ਸੰਵਾਰ ਕੇ ਰੱਖਦਾ ਹੈ ਤੇ ਮੁਰਦਾ ਕੇਸਾਂ ਨੂੰ ਬਾਹਰ ਕੱਢ ਦਿੰਦਾ ਹੈ।
ਇਹ ਵੀ ਪੜ੍ਹੋ : ਸੇਵਾ, ਸਿਮਰਨ ਤੇ ਸਾਧ-ਸੰਗਤ ‘ਚ ਬੀਤਿਆ ਸਮਾਂ ਹੀ ਮਨੁੱਖ ਦੀ ਅਸਲੀ ਉਮਰ
ਇਸੇ ਤਰ੍ਹਾਂ ਵਿਚਾਰ ਵੀ ਸਿਰ ਅੰਦਰ ਦਿਮਾਗ ਵਿਚ ਹੀ ਵੱਸਦੇ ਹਨ ਤੇ ਸਿੱਖ ਗੁਰਬਾਣੀ ਦਾ ਕੰਘਾ ਕਰਕੇ ਅਕਾਲ ਪੁਰਖ ਨਾਲ ਜੋੜਨ ਵਾਲੇ ਵਿਚਾਰਾਂ ਨੂੰ ਮੱਤ ਵਿਚ ਸਾਂਭ ਕੇ ਰੱਖਦਾ ਹੈ ਤੇ ਅਕਾਲ ਪੁਰਖ ਨਾਲੋਂ ਤੋੜਨ ਵਾਲੇ ਵਿਚਾਰਾਂ ਨੂੰ ਮੱਤ ਵਿਚੋਂ ਬਾਹਰ ਕਿੱਢ ਦਿੰਦਾ ਹੈ। ਰਹਿਤਨਾਮਿਆਂ ਵਿਚ ਦੋਨੋਂ ਵਕਤ ਸਵੇਰੇ-ਸ਼ਾਮ ਕੰਘਾ ਕਰਨ ਦਾ ਹੁਕਮ ਹੈ:
ਕੰਘਾ ਦੋਨੋ ਵਕਤ ਕਰ, ਪਾਗ ਚੁਨੈ ਕਰ ਬਾਂਧਈ॥
ਦਾਤਨ ਨੀਤ ਕਰੈ, ਨਾ ਦੁਖ ਪਾਵੈ ਲਾਲ ਜੀ॥ (ਚੱਲਦਾ)