ਚੰਡੀਗੜ੍ਹ: ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਪੰਜਾਬ ਵਿਚ ਸਿਆਸੀ ਸਮੀਕਰਨ ਅਤੇ ਗਠਜੋੜ ਬਣਨੇ ਸ਼ੁਰੂ ਹੋ ਗਏ ਹਨ। ਇਸ ਕੜੀ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਇਕ ਹੋਰ ਗੱਠਜੋੜ ਬਣਾਇਆ ਹੈ।
ਬਹੁਜਨ ਸਮਾਜ ਪਾਰਟੀ ਤੋਂ ਬਾਅਦ ਹੁਣ ਅਕਾਲੀ ਦਲ ਨੇ ਡੈਮੋਕਰੇਟਿਕ ਪਾਰਟੀ ਆਫ਼ ਇੰਡੀਆ ਨਾਲ ਗੱਠਜੋੜ ਕੀਤਾ ਹੈ ਅਤੇ ਹੁਣ ਉਹ ਮਿਲ ਕੇ ਚੋਣਾਂ ਲੜਨਗੇ। ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਇਸ ਗੱਠਜੋੜ ਦਾ ਐਲਾਨ ਕੀਤਾ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ 19 ਜੁਲਾਈ ਤੋਂ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਗਠਜੋੜ ਪਾਰਟੀ ਬਸਪਾ ਦੇ ਨਾਲ-ਨਾਲ ਕਿਸਾਨਾਂ ਦੇ ਹਿੱਤਾਂ ਲਈ ਸੰਸਦ ਵਿੱਚ ਆਵਾਜ਼ ਬੁਲੰਦ ਕਰੇਗਾ।
ਇਹ ਵੀ ਪੜ੍ਹੋ : ਕੈਪਟਨ ਨੇ ਮੁੜ PM ਨੂੰ ਕਿਸਾਨ ਅੰਦੋਲਨ ਦਾ ਹੱਲ ਕਰਨ ਦੀ ਅਪੀਲ, ਸਰਹੱਦ ਪਾਰ ਦੇ ਖਤਰੇ ਦਾ ਦਿੱਤਾ ਹਵਾਲਾ
ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸੰਸਦ ਦੇ ਸੈਸ਼ਨ ਦਾ ਬਾਈਕਾਟ ਅਤੇ ਵਾਕਆਊਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਰੀ ਅਪੀਲ ਪਾਰਟੀਵਾਦ ਤੋਂ ਉੱਪਰ ਉੱਠ ਕੇ ਖੇਤੀਬਾੜੀ ਨੂੰ ਬਰਬਾਦੀ ਵੱਲ ਲਿਜਾ ਰਹੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਾਡਾ ਸਮਰਥਨ ਕਰਨ ਦੀ ਹੈ।