ਫਿਰੋਜ਼ਪੁਰ ਤੋਂ ਕਾਂਗਰਸੀ ਵਿਧਾਇਕ ਸਤਕਾਰ ਕੌਰ ਦੀ ਆਲੀਸ਼ਾਨ ਕੋਠੀ ‘ਤੇ ਪਾਵਰਕਾਮ ਅਧਿਕਾਰੀ ਇੰਨੇ ਮਿਹਰਬਾਨ ਹਨ ਕਿ ਢਾਈ ਸਾਲ ਵਿੱਚ ਸਿਰਫ ਇੱਕ ਵਾਰ ਇਸ ਕੋਠੀ ਦਾ ਬਿੱਲ ਅੱਠ ਹਜ਼ਾਰ ਰੁਪਏ ਭਰਿਆ ਗਿਆ ਹੈ। ਇਹੀ ਨਹੀਂ ਹੁਣ 14 ਜੁਲਾਈ ਨੂੰ ਵੀ ਉਨ੍ਹਾਂ ਦੀ ਕੋਠੀ ਦਾ ਬਿੱਲ ਸਿਰਫ 1190 ਰੁਪਏ ਭਰਿਆ ਜਾਣਾ ਸੀ।
ਆਰਟੀਆਈ ਐਕਟੀਵਿਸਟ ਚਰਨਜੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਤਕਾਰ ਕੌਰ ਦੇ ਮੋਗਾ ਰੋਡ ‘ਤੇ ਪਿੰਡ ਆਲੋਵਾਲਾ ਵਿੱਚ ਬਣੀ ਇਸ ਕੋਠੀ ਦਾ ਬਿਜਲੀ ਮੀਟਰ ਸਾਲ 2019 ਵਿੱਚ ਲਗਾਇਆ ਗਿਆ ਸੀ। 4.98 ਕਿਲੋਵਾਟ ਦਾ ਇਹ ਮੀਟਰ ਵਿਧਾਇਕ ਦੇ ਪਤੀ ਜਸਮੇਲ ਸਿੰਘ ਦੇ ਨਾਮ ‘ਤੇ ਹੈ। ਮੀਟਰ ਲਗਾਉਣ ਤੋਂ ਬਾਅਦ ਹੁਣ ਤੱਕ ਅੱਠ ਹਜ਼ਾਰ ਰੁਪਏ ਦਾ ਬਿੱਲ ਸਿਰਫ ਇਕ ਵਾਰ ਭੁਗਤਾਨ ਕੀਤਾ ਜਾ ਚੁੱਕਾ ਹੈ। 1190 ਰੁਪਏ ਦਾ ਆਖਰੀ ਬਿੱਲ 14 ਜੁਲਾਈ ਨੂੰ ਭਰਨਾ ਸੀ।
ਨਵੰਬਰ 2019 ਤੋਂ ਸਤੰਬਰ 2020 ਦੌਰਾਨ ਇਸ ਕੋਠੀ ਦੀ ਬਿਜਲੀ ਖਪਤ ਸਿਰਫ 258 ਯੂਨਿਟ ਸੀ। ਇਹ ਪ੍ਰਤੀ ਦਿਨ ਅੱਧਾ ਯੂਨਿਟ ਹੈ, ਜਦੋਂ ਕਿ ਸਤੰਬਰ 2020 ਤੋਂ ਬਾਅਦ ਬਿਜਲੀ ਦੀ ਖਪਤ ਜ਼ੀਰੋ ਯੂਨਿਟ ਹੈ।
ਵਿਧਾਇਕ ਸਤਕਾਰ ਕੌਰ ਦੀ ਇਸ ਕੋਠੀ ਵਿੱਚ ਸੱਤ ਏਸੀ ਲੱਗੇ ਹੋਏ ਹਨ, ਜਦੋਂ ਕਿ ਇੱਥੇ ਮੀਟਰ ਰੀਡਿੰਗ ਜ਼ੀਰੋ ਦਿਖਾਈ ਦੇ ਰਹੀ ਹੈ। ਖਾਸ ਗੱਲ ਇਹ ਹੈ ਕਿ ਹਲਕੇ ਦੀਆਂ ਸਿਆਸੀ ਸਰਗਰਮੀਆਂ ਵੀ ਇਥੋਂ ਚਲਦੀਆਂ ਹਨ ਅਤੇ ਲੋਕ ਹਰ ਰੋਜ਼ ਇੱਥੇ ਆਉਂਦੇ ਰਹਿੰਦੇ ਹਨ।
ਇਸ ਬਾਰੇ ਵਿਧਾਇਕ ਸਤਕਾਰ ਕੌਰ ਦਾ ਕਹਿਣਾ ਹੈ ਕਿ ਉਹ ਜ਼ਿਆਦਾਤਰ ਚੰਡੀਗੜ੍ਹ ਵਿੱਚ ਰਹਿੰਦੀ ਹੈ। ਆਲੋਵਾਲ ਕੋਠੀ ਦੇ ਬਿਜਲੀ ਬਿੱਲ ਆਉਂਦੇ ਰਹੇ ਹਨ। ਯਾਦ ਨਹੀਂ ਕਿੰਨੇ ਆਉਂਦੇ ਹਨ, ਪਰ ਰਾਜਨੀਤੀ ਅਧੀਨ ਅਜਿਹੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਹਨ। ਪਾਵਰਕਾਮ ਦੇ ਐਸਈ ਜਾਂਚ ਕਰ ਲੈਣ, ਮੈਨੂੰ ਕੋਈ ਇਤਰਾਜ਼ ਨਹੀਂ।
ਇਹ ਵੀ ਪੜ੍ਹੋ : ਅਕਾਲੀ ਦਲ ਨੇ ਬਸਪਾ ਤੋਂ ਬਾਅਦ ਹੁਣ ਡੈਮੋਕ੍ਰੇਟਿਕ ਪਾਰਟੀ ਆਫ ਇੰਡੀਆ ਨਾਲ ਕੀਤਾ ਗਠਜੋੜ- ਸੁਖਬੀਰ ਬਾਦਲ ਨੇ ਕੀਤਾ ਐਲਾਨ
ਉਥੇ ਹੀ ਫ਼ਿਰੋਜ਼ਪੁਰ ਦੇ ਸੁਪਰਡੈਂਟ ਇੰਜੀਨੀਅਰ ਦਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਫਿਰ ਵੀ ਪਾਵਰਕਾਮ ਦੇ ਐਕਸੀਅਨ ਸਤਵਿੰਦਰ ਸਿੰਘ ਨੂੰ ਬਿਜਲੀ ਬਿੱਲਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਜਾਂਚ ਤੋਂ ਬਾਅਦ ਹੀ ਸਭ ਕੁਝ ਸਪੱਸ਼ਟ ਹੋ ਜਾਵੇਗਾ।