ਮਨ ਦੀ ਸਿੱਖੀ ਵਿਚ ਗੁਰਬਾਣੀ ਪੜ੍ਹਨੀ, ਗੁਰਦੁਆਰੇ ਜਾ ਕੇ ਕਥਾ-ਕੀਰਤਨ ਸੁਣਨਾ, ਸੇਵਾ ਕਰਨੀ, ਗਿਆਨ ਹਾਸਲ ਕਰਨਾ, ਗੁਰਬਾਣੀ ਦੀ ਵੀਚਾਰ ਕਰਕੇ ਗੁਰਬਾਣੀ ਮੁਤਾਬਕ ਹੀ ਜੀਵਨ ਜਿਊਣਾ ਜਿਸ ਵਿਚ ਸੱਚ ਬੋਲਣਾ, ਧਰਮ ਦੀ ਕਿਰਤ ਕਰਨੀ, ਪੰਜਾਂ ਵਿਕਾਰਾਂ ਤੋਂ ਬਚਣਾ, ਸਾਰੇ ਜੀਵਾਂ ਵਿਚੋਂ ਇਕ ਅਕਾਲ ਪੁਰਖ ਨੂੰ ਵੇਖਣਾ ਆਦਿ ਸ਼ਾਮਲ ਹੈ। ਇਸ ਮਨ ਦੀ ਸਿੱਖੀ ਨੂੰ ਤਾਂ ਤਨ ਦੀ ਸਿੱਖੀ ਨਿਭਾਉਣ ਨਾਲੋਂ ਵੀ ਔਖਾ ਹੈ।
ਤਨ ਦੀ ਰਹਿਤ ਸਿੱਖ ਲਈ ਗੁਰੂ ਦੀ ਸਿੱਖਿਆ ਉਪਰ ਚੱਲਣ ਦੀ ਪ੍ਰਤੀਕ ਹੈ। ਤਨ ਦੀ ਰਹਿਤ ਇਹ ਦਰਸਾਉਂਦੀ ਹੈ ਕਿ ਸਿੱਖ ਦਾ ਗੁਰੂ ਨਾਲ ਕਿੰਨਾ ਕੁ ਪਿਆਰ ਹੈ। ਤਨ ਦੀ ਸਿੱਖੀ ਮਨ ਦੀ ਸਿੱਖੀ ਨਿਭਾਉਣ ਨਾਲੋਂ ਜ਼ਿਆਦਾ ਸੌਖੀ ਹੈ। ਜੇ ਅਸੀਂ ਤਨ ਦੀ ਸਿੱਖੀ ਕਕਾਰ ਹੀ ਨਹੀਂ ਧਾਰਨ ਕਰ ਸਕਦੇ ਤਾਂ ਫਿਰ ਮਨ ਦੀ ਸਿੱਖੀ ਕਿਵੇਂ ਨਿਭਾਵਾਂਗੇ?
ਕੜਾ
ਕੜਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਿੱਖ ਨੂੰ ਕੋਈ ਵਹਿਮ, ਭਰਮ, ਗ੍ਰਹਿ, ਨਖੱਤਰ, ਜੰਤਰ, ਮੰਤਰ, ਤੰਤਰ, ਟੂਣਾ, ਨਜ਼ਰ, ਜਿੰਨ, ਭੂਤ, ਪ੍ਰੇਤ ਆਦਿ ਨਹੀਂ ਡਰਾ ਸਕਦਾ ਅਤੇ ਨਾਲ ਹੀ ਕੜੇ ਵਾਲਾ ਹੱਥ ਦੀਨਾਂ-ਦੁਖੀਆਂ ਦੀ ਰਖਵਾਲੀ ਲਈ ਅਸੀਮ ਤਾਕਤ ਬਣ ਕੇ ਉੱਠਦਾ ਹੈ। ਜੇ ਅੱਜ ਅਸੀਂ ਕੜੇ ਦੇ ਨਾਲ-ਨਾਲ ਕੋਈ ਨੱਗ, ਪੱਥਰ, ਲਾਲ-ਕਾਲਾ ਧਾਗਾ, ਰੱਖੜੀ ਆਦਿ ਬੰਨ੍ਹੀ ਫਿਰਦੇ ਹਾਂ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਅਸੀਂ ਕੜੇ ਦੀ ਅਹਿਮੀਅਤ ਨੂੰ ਸਮਝ ਨਹੀਂ ਸਕੇ।
ਕਿਰਪਾਨ
ਕਿਰਪਾਨ ਉਸ ਕ੍ਰਾਂਤੀ ਦੀ ਨਿਸ਼ਾਨੀ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਸੈਂਕੜੇ ਸਾਲਾਂ ਤੋਂ ਮੁਰਦੇ ਹੋ ਚੁੱਕੇ ਭਾਰਤ ਵਿਚ ਲਿਆਂਦੀ। ਜਿੱਥੇ ਕਿਰਪਾਨ ਸਿੱਖ ਦੇ ਅਜ਼ਾਦ ਜੀਵਨ ਤੇ ਅਜ਼ਾਦ ਵਿਚਾਰਾਂ ਦਾ ਪ੍ਰਤੀਕ ਹੈ ਉੱਥੇ ਆਪਣੀ ਤੇ ਮਜ਼ਲੂਮ ਦੀ ਰਾਖੀ ਲਈ ਜ਼ਾਲਮ ਦਾ ਨਾਸ਼ ਕਰਨ ਵਾਸਤੇ ਹਥਿਆਰ ਵੀ ਹੈ। ਕਿਰਪਾਨ ਇਸ ਗੱਲ ਦੀ ਵੀ ਯਾਦ ਦਿਵਾਉਂਦੀ ਹੈ ਕਿ ਸਿੱਖ ਇੱਕ ਅਕਾਲ ਪੁਰਖ ਤੋਂ ਬਿਨਾਂ ਕਿਸੇ ਦੀ ਈਨ ਨਹੀਂ ਮੰਨਦਾ ਤੇ ਗੁਲਾਮੀ ਵਾਲਾ ਜੀਵਨ ਪ੍ਰਵਾਨ ਨਹੀਂ ਕਰਦਾ। ਜੇ ਸਾਨੂੰ ਕਿਰਪਾਨ ਦੀ ਮਹੱਤਤਾ ਦੀ ਸਮਝ ਪੈ ਜਾਏ ਤਾਂ ਫਿਰ ਕੋਈ ਸਿੱਖ ਕਿਰਪਾਨ ਨੂੰ ਗਲ ਪਹਿਨਣ ਤੋਂ ਇਨਕਾਰੀ ਕਿਵੇਂ ਹੋ ਸਕਦਾ ਹੈ?
ਰਹਿਤਨਾਮਿਆਂ ਦੇ ਅਨੁਸਾਰ ਗੁਰੂ ਦਾ ਹੁਕਮ ਹੈ:
ਬਿਨਾਂ ਸ਼ਸਤਰ ਨਰੰ ਭੇਡ ਜਾਨੋ॥ ਗਹੈ ਕਾਨ ਤਾ ਕੋ ਕਿਤੈ ਲੈ ਸਿਧਾਨੋ॥
ਇਹੈ ਮੋਰ ਆਗਿਆ ਸੁਨੋ ਹੇ ਪਿਆਰੇ॥ ਬਿਨਾਂ ਤੇਗ ਕੇਸੰ ਦੇਵਹੁ ਨਾ ਦੀਦਾਰੇ॥
ਕਛਹਿਰਾ
ਸਿੱਖੀ ਨੂੰ ਉਚਾਈਆਂ ‘ਤੇ ਲਿਜਾਣ ਲਈ ਸਤਿਗੁਰੂ ਜੀ ਨੇ ਹਰ ਸਿੱਖ ਨੂੰ ਕਛਹਿਰਾ ਪਹਿਨਣ ਦਾ ਹੁਕਮ ਦਿੱਤਾ। ਜਿੱਥੇ ਇਹ ਨੰਗੇਜ਼ ਨੂੰ ਪੂਰੀ ਤਰ੍ਹਾਂ ਢੱਕਦਾ ਹੈ ਉੱਥੇ ਇਹ ਇਸ ਗੱਲ ਦਾ ਪ੍ਰਤੀਕ ਹੈ ਸਿੱਖ ਨੇ ਆਪਣਾ ਆਚਰਨ ਉੱਚਾ ਤੇ ਸੁੱਚਾ ਰੱਖਣਾ ਹੈ।
ਇਹ ਵੀ ਪੜ੍ਹੋ : ਕਲਗੀਧਰ ਦਸਮੇਸ਼ ਪਿਤਾ ਦੀ ਮਹਾਨ ਦੇਣ- ਪੰਜ ਕਕਾਰ, ਜਾਣੋ ਵਿਸਥਾਰ ਨਾਲ
ਇਹ ਪੰਜ ਕਕਾਰ ਜਿੱਥੇ ਜੀਵਨ ਦੀਆਂ ਲੋੜਾਂ ਪੂਰੀਆਂ ਕਰਦੇ ਹਨ, ਉੱਥੇ ਇਹ ਸਿੱਖ ਨੂੰ, ਜੋ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਹੈ, ਉਹ ਵੀ ਪ੍ਰਦਾਨ ਕਰਦੇ ਹਨ। ਸਿੱਖ ਨੇ ਇਹ ਪੰਜ ਕਕਾਰ ਤਾਂ ਧਾਰਨ ਕਰਨੇ ਹਨ ਕਿਉਂਕਿ ਸਤਿਗੁਰੂ ਜੀ ਦਾ ਹੁਕਮ ਹੈ। ਸਤਿਗੁਰੂ ਜੀ ਦੀ ਖੁਸ਼ੀ ਹਾਸਲ ਕਰਨ ਲਈ ਸਿੱਖ ਕਦੇ ਵੀ ਕਿਸੇ ਕਕਾਰ ਦਾ ਤਿਆਗ ਨਹੀਂ ਕਰਦਾ।
ਗੁਰੂ ਸਾਹਿਬ ਦਾ ਆਪਣਾ ਫੁਰਮਾਨ ਹੈ ਕਿ ਮੈਂ ਸਿੱਖ ਨੂੰ ਕਕਾਰ ਧਾਰਨ ਕਰਨ ਤੋਂ ਛੋਟ ਨਹੀਂ ਦੇ ਸਕਦਾ:
ਨਿਸ਼ਾਨ ਸਿੱਖੀ ਈਂ ਪੰਜ ਹਰਫ਼ਿ ਕਾਫ਼॥ ਹਰਗਿਜ਼ ਨ ਬਾਸ਼ਦ ਈਂ ਪੰਜ ਮੁਆਫ਼॥
ਕੜਾ ਕਾਰਦੋ ਕਾਛ ਕੰਘਾ ਬਿਦਾਨ॥ ਬਿਨਾ ਕੇਸ ਹੇਚ ਅਸਤ ਜੁਮਲਾ ਨਿਸ਼ਾਨ।।