ਸ੍ਰੀ ਗੁਰੂ ਨਾਨਕ ਦੇਵ ਜੀ ਮੌਲਵੀ ਕੁਤਬਦੀਨ ਕੋਲੋਂ ਵਿੱਦਿਆ ਸੰਪੂਰਨ ਕਰਨ ਉਪਰੰਤ ਮਨੁੱਖੀ ਜੀਵਨ ਦੀ ਹੋਂਦ ਤੇ ਸੱਚਾਈ ਵਰਗੇ ਗੰਭੀਰ ਵਿਸ਼ਿਆਂ ‘ਤੇ ਗੰਭੀਰ ਵਾਰਤਾਪਾਲ ਲਈ ਸਾਧੂ ਸੰਤਾਂ ਨੂੰ ਮਿਲਣ ਲੱਗੇ। ਬਾਕੀ ਸਮੇਂ ਆਪ ਆਪਣੇ ਘਰ ਵਿਚ ਹੀ ਆਤਮ ਚਿੰਤਨ ਵਿਚ ਲੀਨ ਰਹਿੰਦੇ ਤੇ ਘਰ ਵਿਚ ਆਉਣ ਜਾਣ ਵਾਲਿਆਂ ਤੋਂ ਦੂਰ ਹੀ ਰਹਿੰਦੇ। ਉਨ੍ਹਾਂ ਦੇ ਅਜਿਹੇ ਉਦਾਸੀਨ ਵਰਤਾਅ ਕਰਕੇ ਗੁਰੂ ਜੀ ਦੇ ਮਾਤਾ-ਪਿਤਾ ਨੂੰ ਉਨ੍ਹਾਂ ਦੀ ਸਿਹਤ ਦੀ ਫਿਕਰ ਹੋਣ ਲੱਗੀ।
ਗੁਰੂ ਨਾਨਕ ਦੇਵ ਜੀ ਦੀ ਬੀਮਾਰੀ ਦੇ ਨਿਵਾਰਣ ਲਈ ਮਹਿਤਾ ਕਾਲੂ ਨੇ ਪਿੰਡ ਦੇ ਵੈਦ ਹਰੀਦਾਸ ਨੂੰ ਬੁਲਾਇਆ। ਹਰੀਦਾਸ ਨੇ ਗੁਰੂ ਨਾਨਕ ਦੇਵ ਜੀ ਦੀ ਨਬਜ਼ ਵੇਖਣ ਲਈ ਬਾਂਹ ਫੜੀ ਤਾਂ ਉਨ੍ਹਾਂ ਆਪਣੀ ਬਾਂਹ ਪਿੱਛੇ ਖਿੱਚ ਲਈ ਅਤੇ ਵੈਦ ਨੂੰ ਕਿਹਾ ਵੈਦ ਜੀ ਤੁਸੀਂ ਮੇਰੀ ਬਾਂਹ ਕਿਉਂ ਫੜ ਰਹੇ ਹੋ। ਵੈਦ ਨੇ ਕਿਹਾ, ਮੈਂ ਰੋਗ ਜਾਣਨ ਲਈ ਨਬਜ਼ ਦੇਖਣਾ ਚਾਹੁੰਦਾ ਹਾਂ ਤਾਂ ਤੁਹਾਨੂੰ ਸਿਹਤਯਾਬ ਕਰਨ ਲਈ ਸਹੀ ਇਲਾਜ ਦੱਸ ਸਕਾਂ।
ਗੁਰੂ ਜੀ ਨੇ ਕਿਹਾ ਵੈਦ ਜੀ ਬਾਂਹ ਫੜ ਕੇ ਕੀ ਵੇਖ ਰਹੇ ਹੋ। ਮੇਰਾ ਸਰੀਰ ਰੋਗੀ ਨਹੀਂ ਰੋਗ ਤਾਂ ਮੇਰੇ ਮਨ ਵਿਚ ਹੈ। ਅਸਲ ਵੈਦ ਤਾਂ ਉਹ ਹੈ ਜੋ ਸਰੀਰ ਤੇ ਮਨ ਦੋਵਾਂ ਦਾ ਰੋਗ ਜਾਣ ਕੇ ਇਲਾਜ ਕਰ ਸਕੇ। ਮੈਂ ਤੁਹਾਨੂੰ ਤਾਂ ਹੀ ਵੈਦ ਮੰਨਾਂਗਾ ਜੇ ਤੁਸੀਂ ਮੇਰਾ ਰੋਗ ਠੀਕ ਕਰਨ ਤੋਂ ਪਹਿਲਾਂ ਆਪਣਾ ਰੋਗ ਠੀਕ ਕਰੋਗੇ। ਵੈਦ ਬਹੁਤ ਹੈਰਾਨ ਹੋਇਆ। ਉਸ ਨੇ ਕਿਹਾ ਕਿ ਤੁਹਾਡੇ ਅਨੁਸਾਰ ਮੈਨੂੰ ਕੋਈ ਰੋਗ ਹੈ। ਮੈਂ ਤਾਂ ਠੀਕ ਹਾਂ। ਮੈਨੂੰ ਦੱਸੋ ਕਿ ਮੈਂ ਕਿਸ ਰੋਗ ਨਾਲ ਪੀੜਤ ਹਾਂ। ਗੁਰੂ ਜੀ ਨੇ ਜਵਾਬ ਦਿੱਤਾ ਤੁਹਾਨੂੰ ਜਨਮ ਤੇ ਮਰਨ ਦੀ ਬੀਮਾਰੀ ਹੈ। ਜਨਮ ਮਰਨ ਦਾ ਇਹ ਚੱਕਰ ਦਵਾਈ ਨਾਲ ਠੀਕ ਹੋਣ ਵਾਲਾ ਨਹੀਂ। ਇਸ ਦਾ ਇਲਾਜ ਉਹੀ ਵੈਦ ਕਰ ਸਕਦਾ ਹੈ ਜੋ ਆਪ ਜਨਮ ਮਨਰ ਦੇ ਚੱਕਰ ਤੋਂ ਮੁਕਤ ਹੋਵੇ।
ਗੁਰੂ ਜੀ ਦਾ ਰੱਬੀ ਪਿਆਰ ਤੇ ਗੰਭੀਰ ਅਧਿਆਤਮਕ ਸੂਝਬੂਝ ਜਾਣ ਕੇ ਵੈਦ ਬਹੁਤ ਹੈਰਾਨ ਹੋਇਆ। ਵੈਦ ਹਰੀਦਾਸ ਤਾਂ ਕੇਵਲ ਸਰੀਰ ਦੀਆਂ ਬੀਮਾਰੀਆਂ ਹੀ ਠੀਕ ਕਰਦਾ ਸੀ। ਮਾਪੇ ਵੈਦ ਨੂੰ ਪੁੱਛਮ ਲੱਗੇ ਕਿ ਨਾਨਕ ਨੂੰ ਕੀ ਰੋਗ ਹੈ ਤੇ ਉਹ ਕਿਸ ਤਰ੍ਹਾਂ ਠੀਕ ਹੋਵੇਗਾ। ਵੈਦ ਨੇ ਜਵਾਬ ਦਿੱਤਾ ਨਾਨਕ ਸਾਡੇ ਸਾਰਿਆਂ ਵਾਂਗ ਠੀਕ ਹੈ। ਚਿੰਤਾ ਨਾ ਕਰੋ, ਇਸ ਦੀ ਰੱਬ ਨਾਲ ਸੱਚੀ ਪ੍ਰੀਤ ਹੈ।