ਪੰਜਾਬ ਵਿੱਚ 2022 ਵਿੱਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ, ਪਰ ਉਸ ਤੋਂ ਪਹਿਲਾ ਕਾਂਗਰਸ ਪਾਰਟੀ ‘ਚ ਸ਼ੁਰੂ ਹੋਇਆ ਕਾਟੋ ਕਲੇਸ਼ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਵੀ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਦਰਅਸਲ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਕਸ਼ਨ ਵਿੱਚ ਆ ਗਏ ਹਨ।
ਜਿੱਥੇ ਸਿੱਧੂ ਨੇ ਪ੍ਰਧਾਨ ਐਲਾਨੇ ਜਾਣ ਤੋਂ ਪਹਿਲਾਂ ਹੀ ਸ਼ੁਰੂ ਕੀਤੀ ਆਪਣੀ ਸਰਗਰਮੀ ਹੋਰ ਤੇਜ਼ ਕਰ ਦਿੱਤੀ ਹੈ ਅਤੇ ਵੱਖ ਵੱਖ ਆਗੂਆਂ ਨੂੰ ਮਿਲਣ ਦਾ ਸਿਲਸਿਲਾ ਜਾਰੀ ਰੱਖ ਰਹੇ ਨੇ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੁੱਝ ਨਵੀਂ ਰਣਨੀਤੀ ਘੜੀ ਜਾਪਦੀ ਹੈ। ਇਸ ਵੇਲੇ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਹਨ ਕਿ ਮੁੱਖ ਮੰਤਰੀ ਵੱਲੋਂ 21 ਜੁਲਾਈ ਨੂੰ ਪੰਚਕੂਲਾ ‘ਚ ਪੰਜਾਬ ਕਾਂਗਰਸ ਦੇ ਸਾਰੇ MP ਅਤੇ ਵਿਧਾਇਕਾਂ ਨੂੰ ‘ਲੰਚ’ ਲਈ ਸੱਦਾ ਭੇਜਿਆ ਗਿਆ ਹੈ। ਪਰ ਨਵਜੋਤ ਸਿੰਘ ਸਿੱਧੂ ਨੂੰ ਸੱਦਾ ਨਹੀਂ ਦਿੱਤਾ ਗਿਆ। ਸਿੱਧੂ ਦੇ ਪ੍ਰਧਾਨ ਬਣਨ ਨਾਲ ਜੋ ਕਲੇਸ਼ ਖਤਮ ਹੁੰਦਾ ਜਾਪ ਰਿਹਾ ਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਨਜ਼ਦੀਕੀਆਂ ਦੀ ਹਲਚਲ ਨੇ ਉਸ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਦਿੱਲੀ ਵਿਖੇ ਪ੍ਰਤਾਪ ਸਿੰਘ ਬਾਜਵਾ ਦੀ ਰਿਹਾਇਸ਼ ‘ਤੇ ਇਕੱਠੇ ਹੋਏ ਸੰਸਦ ਮੈਂਬਰਾਂ ਨੇ ਸਿੱਧੂ ਨੂੰ ਪ੍ਰਧਾਨ ਨਾ ਬਣਾਏ ਜਾਣ ਦਾ ਪੱਖ ਰੱਖਿਆ ਸੀ, ਕੈਪਟਨ ਧੜਾ ਇਹ ਦਾਅਵਾ ਕਰਦਾ ਰਿਾ ਹੈ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰ ਉਨ੍ਹਾਂ ਦੇ ਪੱਖ ਵਿੱਚ ਹਨ।