ਸ੍ਰੀ ਗੁਰੂ ਅਰਜਨ ਦੇਵ ਜੀ ਸਮੇਂ ਇੱਕ ਬਹੋੜੁ ਨਾਂ ਦਾ ਜ਼ਿਮੀਂਦਾਰ ਗੁਰੂ ਘਰ ਦਾ ਪੱਕਾ ਸੇਵਕ ਸੀ। ਇਹ ਦਿਨੇਂ ਖੇਤਾਂ ਵਿੱਚ ਕੰਮ ਕਰਦਾ ਤੇ ਰਾਤ ਨੂੰ ਧਾੜੇ ਤੇ ਚੋਰੀਆਂ ਕਰਦਾ ਹੁੰਦਾ ਸੀ। ਇੱਕ ਦਿਨ ਗੁਰੂ ਜੀ ਦੇ ਦਰਸ਼ਨ ਕਰਨ ਆਇਆ ਤਾਂ ਗੁਰੂ ਜੀ ਨੇ ਉਹਦੇ ਕੰਮਕਾਰ ਬਾਰੇ ਪੁੱਛਿਆ ਤਾਂ ਉਸ ਨੇ ਆਪਣੇ ਧਾੜੇ ਤੇ ਚੋਰੀਆਂ ਕਰਨ ਦਾ ਸਾਰਾ ਹਾਲ ਦੱਸ ਕੇ ਆਪਣੀ ਕਲਿਆਣ ਦੀ ਗੱਲ ਕਹੀ। ਗੁਰੂ ਜੀ ਬੋਲੇ ਨੇ ਧਰਮ ਦੀ ਕਿਰਤ ਕਰਨ ਨੂੰ ਕਿਹਾ। ਸਤਿਨਾਮ ਵਾਹਿਗੁਰੂ ਦਾ ਸਵੇਰ ਸ਼ਾਮ ਸਿਮਰਨ ਕਰਨ ਦਾ ਉਪਦੇਸ਼ ਦਿੱਤਾ।
ਭਾਈ ਬਹੋੜੁ ਉਸੇ ਦਿਨ ਤੋਂ ਧਰਮ ਕਿਰਤ ਕਰ, ਆਏ ਸਿੱਖ ਸਾਧ ਦੀ ਸੇਵਾ ਅਤੇ ਭਗਤੀ ਕਰਨ ਲੱਗਾ। ਇਕ ਦਿਨ ਇੱਕ ਠੱਗ, ਸਿੱਖ ਬਣ ਕੇ ਉਸ ਦੇ ਘਰ ਆਇਆ। ਬਹੋੜੁ ਨੇ ਇਸ਼ਨਾਨ ਕਰਾ ਕੇ ਚੰਗਾ ਪ੍ਰਸ਼ਾਦਾ ਛਕਾਇਆ। ਵੀਹ ਕੁ ਦਿਨ ਉਹ ਬਹੋੜੂ ਦੇ ਘਰ ਟਿਕਿਆ ਰਿਹਾ ਤੇ ਸਾਰਾ ਟੱਬਰ ਬਹੋੜ ਦੀ ਪ੍ਰੇਮ ਨਾਲ ਸੇਵਾ ਕਰਦਾ ਰਿਹਾ। ਉਹ ਠੱਗ ਬਹੋੜੂ ਦੀ ਬੇਟੀ ਨਾਲ ਰਲ ਗਿਆ। ਬਹੋੜੂ ਭਾਵੇਂ ਏਸ ਕਰਤੂਤ ਨੂੰ ਜਾਣ ਗਿਆ ਸੀ ਪਰ ਸਰਬੰਸ ਗੁਰੂ ਕਾ ਸਮਝ ਕੇ ਚੁੱਪ ਕਰ ਰਿਹਾ ਤੇ ਐਥੋਂ ਤੱਕ ਜਣਾ ਕੀਤੀ ਕਿ ਇੱਕ ਦਿਨ ਅੰਮ੍ਰਿਤ ਵੇਲੇ ਦੋਹਾਂ ਨੂੰ ਸੁੱਤੇ ਪਏ ਦੇਖ ਕੇ ਆਪਣਾ ਚਾਦਰਾ ਓਹਨਾਂ ਉੱਤੇ ਪਾ ਗਿਆ ਤੇ ਮਨ ਵਿੱਚ ਕੁਝ ਗਿਲਾਨੀ ਨਾ ਕੀਤੀ।
ਦਿਨ ਚੜੇ ਕੁੜੀ ਨੇ ਆਪਣੇ ਪਿਤਾ ਦਾ ਚਾਦਰਾ ਸਿਆਣ ਕੇ ਉਸ ਠੱਗ ਨੂੰ ਦੱਸਿਆ ਤਾਂ ਉਹ ਅਗਲੇ ਭਲਕ ਸਭ ਗਹਿਣਾ ਗੱਟਾ ਬਹੋੜੂ ਦੇ ਘਰੋਂ ਲੈ ਕੇ ਤੁਰ ਗਿਆ। ਅੱਗੋਂ ਬਹੋੜੂ ਰੋਹੀ ਵਿੱਚੋਂ ਮੁੜਿਆ ਆਉਂਦਾ ਮਿਲ ਪਿਆ। ਠੱਗ ਦੇ ਸਿਰੋਂ ਕੰਬਦੇ ਹੋਏ ਅਸਬਾਬ ਦੀ ਗਠੜੀ ਡਿੱਗ ਪਈ ਤੇ ਬਹੋੜੂ ਨੇ ਭੀ ਜਾਣ ਲਿਆ ਕਿ ਇਹ ਮੇਰਾ ਹੀ ਦਰਬ ਹੈ। ਪਰ ਤਾਂ ਵੀ ਭਾਈ ਬਹੋੜੁ ਨੇ ਉਸ ਠੱਗ ਨੂੰ ਧੀਰਜ ਦੇ ਕੇ ਆਖਿਆ ਕਿ ਮੇਰੀ ਤਾਂ ਕੋਈ ਵੀ ਚੀਜ਼ ਨਹੀਂ ਸਭ ਗੁਰੂ ਕੀ ਮਾਇਆ ਹੈ। ਤੇ ਉਸ ਨੂੰ ਫੇਰ ਘਰ ਲੈ ਆਂਦਾ ਪਰ ਬੇਟੀ ਸਮੇਤ ਸਾਰਾ ਪਦਾਰਥ ਉਸ ਦੇ ਘਰ ਆਪ ਜਾ ਕੇ ਛੱਡ ਆਇਆ, ਦਿਲ ਵਿੱਚ ਜ਼ਰਾ ਭਰ ਫ਼ਿਕਰ ਨਾ ਕੀਤਾ। ਭਾਈ ਬਹੋੜੁ ਦੀ ਘਰਵਾਲੀ ਭੀ ਉਸ ਦੀ ਓਹੋ ਜਿਹੀ ਸੀ। ਸ਼ਾਂਤ ਧਰ ਕੇ ਬੈਠੀ ਰਹੀ।
ਪਰ ਇਸ ਸ਼ਾਂਤ ਤੇ ਸਮ ਦ੍ਰਿਸ਼ਟੀ ਦਾ ਫ਼ਲ ਇਹ ਹੋਇਆ ਕਿ ਜਦ ਉਹ ਠੱਗ ਮਾਇਆ ਤੇ ਬਹੋੜੁ ਦੀ ਧੀ ਨੂੰ ਲੈ ਕੇ ਘਰ ਗਿਆ ਤਾਂ ਉਸ ਨੂੰ ਚੈਨ ਨਾ ਮਿਲੇ। ਇਹੋ ਜੀ ਕਰੋ ਜੋ ਬਹੋੜੂ ਨੂੰ ਮਿਲਾਂ, ਮਸਾਂ-ਮਸਾਂ ਰਾਤ ਕੱਟੀ। ਦੂਜੇ ਦਿਨ ਆਪਣੇ ਕੀਤੇ ਉਤੇ ਪਛਤਾ ਕੇ ਬਹੋੜੁ ਦੀ ਪੁੱਤਰੀ ਲੈ ਕੇ ਬਹੋੜੁ ਦੇ ਚਰਨ ਆ ਫੜੇ। ਬਹੋੜੁ ਉਸ ਠਗ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆਇਆ ਤਾਂ ਗੁਰੂ ਜੀ ਬਹੋੜੁ ਨੂੰ ਅਗੋਂ ਉੱਠ ਕੇ ਮਿਲੇ ਅਤੇ ਧੰਨਸਿੱਖੀ ਤਿੰਨ ਵਾਰੀ ਕਹਿ ਕੇ ਸਾਰੀ ਕਥਾ ਸੰਗਤ ਨੂੰ ਸੁਣਾਈ। ਫੇਰ ਤਾਂ ਠੱਗ ਭੀ ਗੁਰੂ ਜੀ ਦੇ ਦਰਸ਼ਨ ਕਰ ਕੇ ਸੁੱਚਾ ਸਿੱਖ ਬਣ ਗਿਆ। ਅਤੇ ਭਾਈ ਬਹੋੜੁ ਦੀ ਪੁੱਤਰੀ ਦਾ ਵਿਆਹ ਉਸ ਨਾਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ‘ਮਾਇਆ ਨੂੰ ਹੀ ਜੀਵਨ ਦਾ ਮਨੋਰਥ ਨਾ ਬਣਾਉਣਾ’-ਪੜ੍ਹੋ ਗੁਰੂ ਨਾਨਕ ਦੇਵ ਜੀ ਤੇ ਭਾਈ ਮੂਲਾ ਦੀ ਸਾਖੀ