ਪੰਜਾਬ ਕਾਂਗਰਸ ਵਿੱਚ ਸ਼ੁਰੂ ਹੋਇਆ ਕਾਟੋ ਕਲੇਸ਼ ਹੁਣ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਵੀ ਜਾਰੀ ਹੈ। ਪਹਿਲਾ ਲੱਗ ਰਿਹਾ ਸੀ ਕਿ ਸਾਇਦ ਕਾਂਗਰਸ ਨਵਜੋਤ ਸਿੱਧੂ ਨੂੰ ਕੋਈ ਅਹੁਦਾ ਦੇ ਕੇ ਪੰਜਾਬ ਕਾਂਗਰਸ ਵਿਚਕਾਰ ਸ਼ੁਰੂ ਹੋਏ ਕਲੇਸ਼ ਨੂੰ ਖਤਮ ਕਰ ਲਵੇਗੀ ਪਰ ਕਾਂਗਰਸ ਹਾਈ ਕਮਾਨ ਦਾ ਇਹ ਦਾਅ ਵੀ ਉਲਟਾ ਪੈਦਾ ਜਾਪ ਰਿਹਾ ਹੈ।
ਕਾਂਗਰਸ ਹਾਈ ਕਮਾਨ ਵੱਲੋ ਸੂਬਾ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਸੌਂਪਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜੇ ਵੀ ਤਲਖ਼ ਤੇਵਰ ਦਿਖਾ ਰਹੇ ਹਨ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦੇ ਧੜੇ ਨੇ CM ਕੈਪਟਨ ਅਮਰਿੰਦਰ ਸਿੰਘ ਦੀ ਉਸ ਮੰਗ ਨੂੰ ਵੀ ਠੁਕਰਾ ਦਿੱਤਾ ਹੈ, ਜਿਸ ਵਿੱਚ ਸਿੱਧੂ ਨੂੰ ਉਨ੍ਹਾਂ ਵੱਲੋ ਕੀਤੇ ਟਵੀਟਸ ‘ਤੇ ਮੁਆਫੀ ਮੰਗਣ ਲਈ ਕਿਹਾ ਗਿਆ ਸੀ। ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਕਾਂਗਰਸੀ ਵਿਧਾਇਕ ਪਰਗਟ ਸਿੰਘ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਨਹੀਂ, ਬਲਕਿ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਲੋਕਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ, ਜਿਨ੍ਹਾਂ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ।
ਪਰਗਟ ਸਿੰਘ ਤੋਂ ਪਹਿਲਾਂ ਕੈਬਨਿਟ ਮੰਤਰੀ ਰਾਜਿੰਦਰ ਸਿੰਘ ਬਾਜਵਾ ਨੇ ਵੀ ਕੈਪਟਨ ਨੂੰ ਇਸ ਮੁੱਦੇ ਨੂੰ ਭੁੱਲ ਜਾਣ ਲਈ ਕਿਹਾ ਸੀ ਅਤੇ ਯਾਦ ਦਿਵਾਇਆ ਕਿ ਕਿਵੇਂ ਪ੍ਰਤਾਪ ਬਾਜਵਾ ਨੇ ਰਾਜ ਸਰਕਾਰ ਖ਼ਿਲਾਫ਼ ਖੁੱਲੇ ਪੱਤਰ ਲਿਖੇ ਸਨ ਅਤੇ ਹੁਣ ਕੈਪਟਨ ਉਨ੍ਹਾਂ ਦੇ ਨਾਲ ਖੜੇ ਹਨ। ਇੱਕ ਹੋਰ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਕਹਿਣਾ ਹੈ ਕਿ ਮਹਾਰਾਜਾ (ਅਮਰਿੰਦਰ ਸਿੰਘ) ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਅਤੇ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਦੱਸ ਦੇਈਏ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਹੀ ਵਿੱਚ ਕਾਂਗਰਸ ਦੇ ਪੰਜਾਬ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ ਸੀ, ਤਾਂ ਉਨ੍ਹਾਂ ਮੰਗ ਕੀਤੀ ਸੀ ਕਿ ਨਵਜੋਤ ਸਿੰਘ ਸਿੱਧੂ ਨੇ ਰਾਜ ਸਰਕਾਰ ਖ਼ਿਲਾਫ਼ ਲੱਗਭਗ 150 ਟਵੀਟ ਅਤੇ ਬਿਆਨ ਦਿੱਤੇ ਹਨ, ਅਜਿਹੀ ਸਥਿਤੀ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਪਹਿਲਾਂ ਇਸ ‘ਤੇ ਜਨਤਕ ਮੁਆਫੀ ਮੰਗਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਪ੍ਰਧਾਨ ਬਣਨ ਤੋਂ ਬਾਅਦ ਭੱਠਲ ਦੇ ਘਰ ਪਹੁੰਚੇ ਨਵਜੋਤ ਸਿੱਧੂ ਨੇ ਦਿੱਤਾ ਵੱਡਾ ਬਿਆਨ ਤੇ ਭੱਠਲ ਨੇ ਕਿਹਾ – ‘ਅੱਗੇ-ਅੱਗੇ ਦੇਖਿਓ ਹੁੰਦਾ ਕੀ !’
ਹੁਣ ਇਹ ਵੀ ਦੇਖਣਾ ਦਿਲਚਸਪ ਹੋਵੇਗਾ ਕਿ ਜਦੋਂ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਵੇਂ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਮਿਲਦੇ ਹਨ ਅਤੇ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਨਵਜੋਤ ਸਿੰਘ ਸਿੱਧੂ ਨੇ ਅਜੇ ਤੱਕ ਕੈਪਟਨ ਦੀ ਮੰਗ ‘ਤੇ ਕੋਈ ਜਵਾਬ ਨਹੀਂ ਦਿੱਤਾ ਹੈ। ਹਾਲਾਂਕਿ, ਸਿੱਧੂ ਧੜੇ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਮੁੱਖ ਮੰਤਰੀ ਨੂੰ ਮਿਲਣਗੇ ਅਤੇ ਉਨ੍ਹਾਂ ਤੋਂ ਮੀਟਿੰਗ ਲਈ ਸਮਾਂ ਵੀ ਮੰਗਿਆ ਹੈ। ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਸਮਾਂ ਮੰਗਿਆ ਹੈ। ਪਿਛਲੇ ਦਿਨ ਵੀ, ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰੀ ਰਿਹਾਇਸ਼ ‘ਤੇ ਪਹੁੰਚੇ ਸਨ, ਜਦਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਿਵਾਸ ਤੋਂ ਥੋੜੀ ਦੂਰੀ ‘ਤੇ ਮੌਜੂਦ ਸਨ, ਅਤੇ ਕੁੱਝ ਮੰਤਰੀਆਂ ਨੂੰ ਮਿਲਣ ਲਈ ਪਹੁੰਚੇ ਸਨ ਪਰ ਦੋਵਾਂ ਨੇਤਾਵਾਂ ਵਿਚਕਾਰ ਮੁਲਾਕਾਤ ਨਹੀਂ ਹੋ ਸਕੀ।
ਇਹ ਵੀ ਦੇਖੋ : ਸਿੱਧੂ ਦੀ ਮੁਆਫੀ ਦੇ ਸਵਾਲ ਤੇ ਪਰਗਟ ਸਿੰਘ ਬੋਲੇ ਪਹਿਲਾਂ ਕੈਪਟਨ ਪੰਜਾਬ ਤੋਂ ਮੁਆਫੀ ਮੰਗਣ