ਭਾਰਤ ਨੇ ਸ਼੍ਰੀਲੰਕਾ ਨੂੰ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ 3 ਵਿਕਟਾਂ ਨਾਲ ਮਾਤ ਦੇ ਦਿੱਤੀ । ਕੋਲੰਬੋ ਵਿੱਚ ਖੇਡੇ ਗਏ ਇਸ ਮੈਚ ਵਿੱਚ ਟੀਮ ਇੰਡੀਆ ਨੇ 3 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਇਸ ਦੇ ਨਾਲ ਹੀ ਉਸਨੇ ਵਨਡੇ ਸੀਰੀਜ਼ ‘ਤੇ ਵੀ ਕਬਜ਼ਾ ਕਰ ਲਿਆ ਹੈ ।
ਤਿੰਨ ਮੈਚਾਂ ਦੀ ਸੀਰੀਜ਼ ਵਿੱਚ ਭਾਰਤ 2-0 ਨਾਲ ਅੱਗੇ ਹੋ ਗਿਆ ਹੈ । ਟੀਮ ਇੰਡੀਆ ਦੀ ਜਿੱਤ ਦੇ ਹੀਰੋ ਦੀਪਕ ਚਾਹਰ ਰਹੇ । ਉਸਨੇ 69 ਦੌੜਾਂ ਦੀ ਨਾਬਾਦ ਪਾਰੀ ਖੇਡੀ। ਦਰਅਸਲ, ਚਾਹਰ ਅਤੇ ਭੁਵਨੇਸ਼ਵਰ ਦੇ ਕਾਰਨ ਭਾਰਤ ਨੇ ਤਿੰਨ ਮੈਚਾਂ ਦੀ ਸੀਰੀਜ਼ ਵਿੱਚ 2-0 ਦੀ ਲੀਡ ਹਾਸਿਲ ਕਰ ਲਈ ਹੈ।
ਪਹਿਲੇ ਵਨਡੇ ਮੈਚ ਵਿੱਚ ਭਾਰਤ ਨੇ ਮੇਜ਼ਬਾਨ ਟੀਮ ਨੂੰ 7 ਵਿਕਟਾਂ ਨਾਲ ਹਰਾਇਆ ਸੀ । ਹਾਲਾਂਕਿ, ਪਹਿਲੇ ਮੈਚ ਦੇ ਉਲਟ ਮੇਜ਼ਬਾਨ ਟੀਮ ਪ੍ਰਸ਼ੰਸਾਯੋਗ ਪ੍ਰਦਰਸ਼ਨ ਦੇ ਨਾਲ ਜਿੱਤ ਦੇ ਰਾਹ ‘ਤੇ ਸੀ, ਪਰ ਚਾਹਰ ਅਤੇ ਭੁਵਨੇਸ਼ਵਰ ਨੇ ਬੱਲੇ ਨਾਲ ਕਮਾਲ ਕਰਦਿਆਂ ਉਨ੍ਹਾਂ ਤੋਂ ਜਿੱਤ ਨੂੰ ਖੋਹ ਲਿਆ।
ਇਸ ਮੁਕਾਬਲੇ ਵਿੱਚ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਨੂੰ 276 ਦੌੜਾਂ ਦਾ ਚੁਣੌਤੀਪੂਰਨ ਟੀਚਾ ਦਿੱਤਾ ਅਤੇ ਫਿਰ 193 ਦੌੜਾਂ ਦੇ ਕੇ ਸੱਤ ਵਿਕਟਾਂ ਗਵਾ ਦਿੱਤੀਆਂ ਪਰ ਇਸ ਤੋਂ ਬਾਅਦ ਆਪਣਾ ਪਹਿਲਾ ਅਰਧ ਸੈਂਕੜਾ ਬਣਾਉਣ ਵਾਲੇ ਚਾਹਰ ਨੇ ਮੈਚ ਵਿੱਚ ਭੁਵਨੇਸ਼ਵਰ ਨਾਲ 8ਵੇਂ ਵਿਕਟ ਲਈ ਨਾਬਾਦ 84 ਦੌੜਾਂ ਦੀ ਸਾਂਝੇਦਾਰੀ ਕੀਤੀ । ਭਾਰਤ ਨੇ ਇਹ ਟੀਚਾ 49.1 ਓਵਰਾਂ ਵਿੱਚ 7 ਵਿਕਟਾਂ ’ਤੇ ਹਾਸਿਲ ਕਰ ਲਿਆ।
ਭਾਰਤ ਲਈ ਚਾਹਰ ਤੋਂ ਇਲਾਵਾ ਆਪਣਾ ਦੂਜਾ ਵਨਡੇ ਮੈਚ ਖੇਡ ਰਹੇ ਸੂਰਿਆਕੁਮਾਰ ਯਾਦਵ ਨੇ 53 ਦੌੜਾਂ ਬਣਾਈਆਂ । ਇਹ ਵਨਡੇ ਮੈਚਾਂ ਵਿੱਚ ਉਨ੍ਹਾਂ ਦਾ ਪਹਿਲਾ ਅਰਧ ਸੈਂਕੜਾ ਹੈ। ਇਸ ਤੋਂ ਇਲਾਵਾ ਮਨੀਸ਼ ਪਾਂਡੇ ਨੇ 37, ਕ੍ਰੂਨਲ ਪਾਂਡਿਆ ਨੇ 35 ਦੌੜਾਂ ਜੋੜੀਆਂ । ਉੱਥੇ ਹੀ ਕਪਤਾਨ ਸ਼ਿਖਰ ਧਵਨ ਦੇ ਬੱਲੇ ਤੋਂ 29 ਦੌੜਾਂ ਬਣੀਆਂ ।
ਇਹ ਵੀ ਪੜ੍ਹੋ: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ
ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚਰਿਥ ਅਸਾਲੰਕਾ (65 ਦੌੜਾਂ) ਅਤੇ ਅਵਿਸ਼ਕਾ ਫਰਨਾਂਡੋ (50 ਦੌੜਾਂ) ਦੀ ਸ਼ਾਨਦਾਰ ਪਾਰੀ ਦੀ ਮਦਦ ਨਾਲ ਟਾਸ ਜਿੱਤ ਕੇ 50 ਓਵਰਾਂ ਵਿੱਚ 9 ਵਿਕਟਾਂ ’ਤੇ 275 ਦੌੜਾਂ ਬਣਾਈਆਂ । ਭਾਰਤ ਲਈ ਭੁਵਨੇਸ਼ਵਰ ਕੁਮਾਰ ਅਤੇ ਯੁਜਵੇਂਦਰ ਚਾਹਲ ਨੇ ਤਿੰਨ-ਤਿੰਨ ਅਤੇ ਦੀਪਕ ਚਾਹਰ ਨੇ ਦੋ ਵਿਕਟਾਂ ਲਈਆਂ।