ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਇੱਕ ਦਿਨ ਪਿੰਡ ਦੀਪਾਲਪੁਰ ਮਿੰਟਗੁਮਰੀ (ਪਾਕਿਸਤਾਨ) ਪਹੁੰਚੇ। ਇਥੇ ਬਹੁਤ ਭਾਰੀ ਮੀਂਹ ਪੈ ਰਿਹਾ ਤੇ ਹਨੇਰਾ ਛਾਇਆ ਹੋਇਆ ਸੀ। ਭਾਈ ਮਰਦਾਨਾ ਜੀ ਨੇ ਗੁਰੂ ਜੀ ਨੂੰ ਕਿਹਾ, ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਜਾ ਕੇ ਪੁੱਛਾਂ ਜੇਕਰ ਕੋਈ ਸਾਨੂੰ ਰਾਤ ਨੂੰ ਰੱਖਣ ਲਈ ਸਹਿਮਤ ਹੋ ਜਾਵੇ। ਜੇ ਮੀਂਹ ਨਾ ਹੋਇਆ ਤਾਂ ਫਿਰ ਅਸੀਂ ਰਾਤ ਜੰਗਲ ਵਿਚ ਹੀ ਕੱਟ ਲਵਾਂਗੇ। ਆਗਿਆ ਲੈ ਕੇ ਭਾਈ ਮਰਦਾਨੇ ਨੇ ਪਿੰਡ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਪਰ ਕਿਸੇ ਨੇ ਉਨ੍ਹਾਂ ਨੂੰ ਪਨਾਹ ਨਹੀਂ ਦਿੱਤੀ। ਸਾਰਿਆਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਜੇ ਤੁਸੀਂ ਦੋਵੇਂ ਹਿੰਦੂ ਹੁੰਦੇ ਤਾਂ ਕਿਸੇ ਹਿੰਦੂ ਨੇ ਤੁਹਾਨੂੰ ਰੱਖ ਲੈਣਾ ਸੀ ਜਾਂ ਜੇਕਰ ਤੁਸੀਂ ਦੋਵੇਂ ਮੁਸਲਮਾਨ ਹੁੰਦੇ ਤਾਂ ਮੁਸਲਮਾਨ ਨੇ ਰੱਖ ਲੈਣਾ ਸੀ ਪਰ ਇਕੋ ਘਰ ਵਿਚ ਇੱਕ ਹਿੰਦੂ ਤੇ ਇਕ ਮੁਸਲਮਾਨ ਨੂੰ ਕੌਣ ਰੱਖੇਗਾ?
ਵਾਪਸ ਆਉਂਦੇ ਭਾਈ ਮਰਦਾਨੇ ਨੂੰ ਇੱਕ ਝੌਂਪੜੀ ਵਿਚ ਰੌਸ਼ਨੀ ਦਿਖਾਈ ਦਿੱਤੀ। ਇਹ ਨਾ ਜਾਣਦੇ ਹੋਏ ਕਿ ਉਥੇ ਇਕ ਕੋਹੜੀ ਰਹਿੰਦਾ ਹੈ ਗੁਰੂ ਜੀ ਅਤੇ ਭਾਈ ਮਰਦਾਨਾ ਉਥੇ ਪਹੁੰਚ ਗਏ। ਕੋਹੜੀ ਦੇ ਰਿਸ਼ਤੇਦਾਰ ਇਸ ਲਾਇਲਾਜ ਤੇ ਛੂਤ ਦੇ ਰੋਗ ਕਰਕੇ ਇਸ ਨੂੰ ਇਕੱਲਾ ਛੱਡ ਗਏ ਸੀ ਤੇ ਫਿਰ ਵੀ ਇਸ ਦੇ ਰਿਸ਼ਤੇਦਾਰ ਉਸ ਨੂੰ ਰੋਟੀ ਪਾਣੀ ਦੇ ਜਾਂਦੇ ਸਨ। ਗੁਰੂ ਜੀ ਨੂੰ ਆਪਣੀ ਝੌਂਪੜੀ ਵਿਚ ਆਉਂਦੇ ਦੇਖ ਕੋਹੜੀ ਨੇ ਕਿਹਾ ਮੇਰੇ ਨੇੜੇ ਨਾ ਆਉਣਾ, ਮੇਰੇ ਤੋਂ ਦੂਰ ਰਹਿਣਾ। ਮੈਂ ਕੋਹੜੀ ਹਾਂ। ਤੁਹਾਨੂੰ ਮੇਰੇ ਤੋਂ ਬੀਮਾਰੀ ਲੱਗ ਜਾਵੇਗੀ। ਗੁਰੂ ਜੀ ਨੇ ਇਸ ਗੱਲ ਨਾ ਪ੍ਰਵਾਹ ਕੀਤੀ ਤੇ ਝੌਂਪੜੀ ਵਿਚ ਦਾਖਲ ਹੋ ਗਏ। ਭਾਈ ਮਰਦਾਨਾ ਵੀ ਉਨ੍ਹਾਂ ਦੇ ਪਿੱਛੇ ਅੰਦਰ ਪਹੁੰਚ ਗਏ। ਕੋਹੜੀ ਦਾ ਭਿਆਨਕ ਰੋਗ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਕੋਹੜੀ ਲਈ ਇਕ ਸ਼ਬਦ ਉਚਾਰਿਆ
ਜੀਉ ਤਪਤੁ ਹੈ ਬਾਰੋ ਬਾਰ।। ਤਪਿ ਤਪਿ ਖਪੈ ਬਹੁਤੁ ਬੇਕਾਰ।। ਜੈ ਤਨਿ ਬਾਣੀ ਵਿਸਰਿ ਜਾਇ।। ਜਿਉ ਪਕਾ ਰੋਗੀ ਵਿਲਲਾਇ।।
ਇਹ ਵੀ ਪੜ੍ਹੋ : ਦਾਨ ਦੇਣ ਨਾਲ ਪਾਪ ਨਹੀਂ ਧੋਤੇ ਜਾਂਦੇ, ਪ੍ਰਮਾਤਮਾ ਨੂੰ ਯਾਦ ਕਰਨ ਤੇ ਉਸ ਦੀ ਯਾਦ ਨੂੰ ਮਨ ਵਿਚ ਰੱਖਣ ਨਾਲ ਹੀ ਕੋਈ ਧਰਮੀ ਬਣ ਸਕਦਾ
ਮੇਰੀ ਜ਼ਿੰਦ ਹੋਰ ਹੋਰ ਵਿਕਾਰਾਂ ਵਿਚ ਖੁਆਰ ਹੁੰਦੀ ਹੈ। ਜਿਸ ਸਰੀਰ ਵਿਚ ਭਾਵ ਜਿਸ ਮਨੁੱਖ ਨੂੰ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਭੁੱਲ ਜਾਂਦੀ ਹੈ ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋਈ ਕੋੜ੍ਹ ਦੇ ਰੋਗ ਵਾਲਾ ਬੰਦਾ ਹੋਵੇ। ਬਾਣੀ ਸੁਣ ਕੇ ਕੋਹੜੀ ਨੂੰ ਵਿਸ਼ਵਾਸ ਹੋ ਗਿਆ ਕਿ ਉਸ ਦੀ ਬੀਮਾਰੀ ਠੀਕ ਹੋ ਜਾਵੇਗੀ। ਉਹ ਆਪਣੇ ਮੰਜੇ ਤੋਂ ਉਠਿਆ ਤੇ ਰਾਤ ਭਰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸੁਣਦਾ ਰਿਹਾ। ਉਹ ਸੱਚੇ ਮਨ ਨਾਲ ਪ੍ਰਮਾਤਮਾ ਦੇ ਧਿਆਨ ਵਿਚ ਰਹਿਣ ਲੱਗਾ ਤੇ ਹੌਲੀ-ਹੌਲੀ ਠੀਕ ਹੋਣ ਲੱਗਾ ਤੇ ਸਵੇਰ ਵੇਲੇ ਨੇੜੇ ਦੀ ਨਦੀ ਵਿਚ ਨਹਾਉਣ ਜਾਣ ਲੱਗਾ। ਇਸ਼ਨਾਨ ਤੋਂ ਬਾਅਦ ਉਸ ਨੂੰ ਲੱਗਾ ਕਿ ਉਹ ਅਰੋਗ ਹੋ ਗਿਆ ਹੋਵੇ ਉਹ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਘਰ ਗਿਆ ਤੇ ਸਾਰੇ ਉਸ ਨੂੰ ਦੇਖ ਕੇ ਹੈਰਾਨ ਹੋ ਗਏ। ਉਨ੍ਹਾਂ ਪੁੱਛਿਆ ਤੂੰ ਕਿਵੇਂ ਠੀਕ ਹੋ ਗਿਆ। ਉਸ ਨੇ ਸਾਰਾ ਕਹਾਣੀ ਸੁਣਾਈ। ਕੋਹੜੀ ਦੀ ਕਹਾਣੀ ਸੁਣ ਕੇ ਪਿੰਡ ਦੇ ਸਾਰੇ ਲੋਕਾਂ ਨੇ ਗੁਰੂ ਜੀ ਦੀ ਮੰਨਤ ਕਰਨੀ ਸ਼ੁਰੂ ਕਰ ਦਿਤੀ ਤੇ ਉਨ੍ਹਾਂ ਪ੍ਰਤੀ ਸਭ ਨੇ ਸਾਕਾਰਾਤਮਕ ਸੋਚ ਰੱਖੀ। ਸੱਚੇ ਮਨ ਤੇ ਸੁੱਚੀ ਸੋਚ ਨਾਲ ਪ੍ਰਮਾਤਮਾ ਦਾ ਧਿਆਨ ਕਰਨ ਲੱਗੇ ਤੇ ਸਾਰਾ ਪਿੰਡ ਖੁਸ਼ਹਾਲ ਹੋ ਗਿਆ।