ਭਾਰਤੀ ਕੁਸ਼ਤੀ ਮਹਾਸੰਘ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਟੋਕੀਓ ਓਲੰਪਿਕ ਦੇ ਅਭਿਆਨ ਦੌਰਾਨ ਅਨੁਸ਼ਾਸਨਹੀਣਤਾ ਦੇ ਕਾਰਨ ਸਟਾਰ ਪਹਿਲਵਾਨ ਵਿਨੇਸ਼ ਫੋਗਟ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।
ਪਹਿਲਵਾਨ ਵਿਨੇਸ਼ ਫੋਗਾਟ ‘ਤੇ ਟੋਕੀਓ ਓਲੰਪਿਕ ਦੌਰਾਨ ਅਨੁਸ਼ਾਸਨਹੀਣਤਾ ਦਾ ਦੋਸ਼ ਲਾਇਆ ਗਿਆ ਸੀ। ਇਸ ਕਾਰਨ ਭਾਰਤੀ ਕੁਸ਼ਤੀ ਫੈਡਰੇਸ਼ਨ (WFI) ਨੇ ਵਿਨੇਸ਼ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਖੇਡਾਂ ਵਿੱਚ ਅਨੁਸ਼ਾਸਨਹੀਣਤਾ ਦੇ ਕਾਰਨ ਫੈਡਰੇਸ਼ਨ ਪਹਿਲਵਾਨ ਵਿਨੇਸ਼ ਤੋਂ ਨਾਰਾਜ਼ ਹੈ। ਫੋਗਾਟ ਨੇ ਸਪੋਰਟਸ ਵਿਲੇਜ ਵਿੱਚ ਰਹਿਣ ਅਤੇ ਭਾਰਤੀ ਟੀਮ ਦੇ ਹੋਰ ਮੈਂਬਰਾਂ ਨਾਲ ਟ੍ਰੇਨਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਫੋਗਾਟ ਦੀ ਮੁੱਖ ਕੋਚ ਕੁਲਦੀਪ ਮਲਿਕ ਨਾਲ ਵੀ ਬਹਿਸ ਹੋਈ ਸੀ। WFI ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਵਿਨੇਸ਼ ਨੂੰ WFI ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਵੱਲੋਂ ਜਾਰੀ ਕੀਤੇ ਗਏ ਨੋਟਿਸ ਦਾ ਜਵਾਬ ਦੇਣ ਲਈ 16 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਹੈ। ਅਧਿਕਾਰੀ ਨੇ ਕਿਹਾ, ਤਿੰਨ ਮੁੱਦੇ ਹਨ ਜਿਨ੍ਹਾਂ ‘ਤੇ WFI ਨੇ ਵਿਨੇਸ਼ ਤੋਂ ਜਵਾਬ ਮੰਗਿਆ ਹੈ। ਪਹਿਲਾਂ, ਉਸਨੇ ਟੀਮ ਦੇ ਮੈਂਬਰਾਂ ਨਾਲ ਰਹਿਣ ਤੋਂ ਇਨਕਾਰ ਕਿਉਂ ਕੀਤਾ? ਦੂਜਾ, ਉਸਨੇ ਦੂਜੇ ਖਿਡਾਰੀਆਂ ਨਾਲ ਸਿਖਲਾਈ ਕਿਉਂ ਨਹੀਂ ਲਈ? ਤੀਜਾ, ਉਸਨੇ ਉਨ੍ਹਾਂ ਬ੍ਰਾਂਡਾਂ ਦੇ ਨਾਂ ਨਹੀਂ ਪਾਏ ਜਿਨ੍ਹਾਂ ਨੇ ਭਾਰਤੀ ਦਲ ਨੂੰ ਸਪਾਂਸਰ ਕੀਤਾ ਸੀ, ਬਲਕਿ ਨਾਈਕੀ ਦਾ ਲੋਗੋ ਵਰਤਿਆ ਸੀ।
ਇਹ ਵੀ ਪੜ੍ਹੋ : Tokyo Olympics : ਪੰਜਾਬੀ ਖਿਡਾਰੀਆਂ ਦਾ ਸਨਮਾਨ ਸਮਾਰੋਹ ਕੱਲ੍ਹ, ਮੁੱਖ ਮੰਤਰੀ ਕਰਨਗੇ ਸਨਮਾਨਤ
ਅਧਿਕਾਰੀ ਨੇ ਕਿਹਾ, “ਸਾਡੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਸੱਚਮੁੱਚ ਉਨ੍ਹਾਂ ਦੇ ਨਖ਼ਰੇ ਤੋਂ ਪਰੇਸ਼ਾਨ ਸਨ। ਮੈਨੂੰ ਲਗਦਾ ਹੈ ਕਿ ਉਨ੍ਹਾਂ ਨੂੰ ਇਸ ਸਭ ਦੀ ਬਜਾਏ ਆਪਣੀ ਸਿਖਲਾਈ ‘ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਸਾਰੀਆਂ ਕੁਸ਼ਤੀ ਗਤੀਵਿਧੀਆਂ ‘ਤੇ ਰੋਕ ਲਗਾ ਦਿੱਤੀ ਗਈ ਹੈ।” ਉਹ ਕਿਸੇ ਵੀ ਰਾਸ਼ਟਰੀ ਜਾਂ ਘਰੇਲੂ ਮੁਕਾਬਲਿਆਂ ‘ਚ ਹਿੱਸਾ ਨਹੀਂ ਲੈ ਸਕੇਗੀ। ਜਦੋਂ ਤੱਕ ਉਹ ਕੋਈ ਜਵਾਬ ਦਾਇਰ ਨਹੀਂ ਕਰਦੀ ਅਤੇ WFI ਕੋਈ ਅੰਤਿਮ ਫੈਸਲਾ ਨਹੀਂ ਲੈਂਦਾ।” ਵਿਨੇਸ਼ ਨੇ ਓਲੰਪਿਕ ਖੇਡਾਂ ਵਿੱਚ ਚੋਟੀ ਦੇ ਤਗਮੇ ਦੇ ਦਾਅਵੇਦਾਰ ਦੇ ਰੂਪ ਵਿੱਚ ਪ੍ਰਵੇਸ਼ ਕੀਤਾ ਸੀ, ਪਰ ਬੇਲਾਰੂਸ ਦੀ ਵਨੇਸਾ ਕਲਾਦਜ਼ਿਨਸਕਾਯਾ ਦੇ ਵਿਰੁੱਧ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਨੇਸ਼ ਅਤੇ WFI ਆਹਮੋ -ਸਾਹਮਣੇ ਹੋਏ ਹੋਣ। ਪਿਛਲੇ ਸਾਲ Nationals ਵਿੱਚ ਵਿਨੇਸ਼ ਨੇ ਕੋਵਿਡ ਦੇ ਡਰ ਦਾ ਹਵਾਲਾ ਦਿੰਦੇ ਹੋਏ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਦੇਖੋ : ਬੇਅੰਤ ਕੌਰ ਮਾਮਲੇ ‘ਚ ਲਵਪ੍ਰੀਤ ਦਾ ਪਰਿਵਾਰ ਘੇਰੇਗਾ ਮੋਤੀ ਮਹਿਲ, ਪੁਲਿਸ ‘ਤੇ ਬੇਅੰਤ ਕੌਰ ਦਾ ਸਾਥ ਦੇਣ ਦੇ ਲਾਏ ਇਲਜ਼ਾਮ