protest against gurdaas maan : ਪਿਛਲੇ ਦਿਨੀ ਗਾਇਕ ਗੁਰਦਾਸ ਮਾਨ ਦੇ ਵਲੋਂ ਸਾਈਂ ਲਾਡੀ ਸ਼ਾਹ ਨੂੰ ਸ਼੍ਰੀ ਗੁਰੂ ਅਮਰਦਾਸ ਜੀ ਦੀ ਵੰਸ਼ ਦੱਸੇ ਜਾਣ ਤੇ ਭੜਕੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਗੁਰਦਾਸ ਮਾਨ ਦਾ ਪੁਤਲਾ ਸਾੜਿਆ ਹੈ। ਵਿਦਿਆਰਥੀਆਂ ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਹੈ ਕਿ ਗੁਰਦਾਸ ਮਾਨ ਤੋਂ ਤੁਰੰਤ ਡੀ-ਲਿੱਟ ਦੀ ਡਿਗਰੀ ਵਾਪਿਸ ਲਈ ਜਾਵੇ। ਕਿਉਕਿ ਉਸਦੀ ਇਸ ਹਰਕਤ ਦੇ ਨਾਲ ਦੇਸ਼ਾ ਤੇ ਵਿਦੇਸ਼ਾ ਵਿੱਚ ਬੈਠੇ ਹਜਾਰਾਂ ਸਿੱਖਾਂ ਦੇ ਮਨ੍ਹਾ ਨੂੰ ਠੇਸ ਪਹੁੰਚੀ ਹੈ।
ਗੁਰਦਾਸ ਮਾਨ ਦੇ ਖਿਲਾਫ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਪ੍ਰਤੀ ਪਰਚਾ ਦਰਜ਼ ਹੋ ਚੁਕਿਆ ਹੈ। ਪੰਜਾਬੀ ਯੂਨੀਵਰਸਿਟੀ ਵਿਖੇ ਸੈਕੂਲਰ ਯੂਥ ਫੇਡਰੇਸ਼ਨ ਆਫ ਇੰਡੀਆ ਦੇ ਨੁਮਾਂਦਿਆਂ ਨੇ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਦੇ ਸਾਹਮਣੇ ਗੁਰਦਾਸ ਮਾਨ ਦਾ ਪੁਤਲਾ ਸਾੜਿਆ। ਇਸੇ ਮੌਕੇ ਸੈਫ਼ੀ ਇਕਾਈ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਗੁਰਦਾਸ ਮਾਨ ਦੀ ਇਸ ਟਿੱਪਣੀ ਨੇ ਵਿਸ਼ਵ ਭਰ ਦੀਆਂ ਸਿੱਖ ਸੰਗਤਾਂ ਦੇ ਮਨਾ ਨੂੰ ਠੇਸ ਪਹੁੰਚਾਈ ਹੈ ਤੇ ਇਹ ਕੋਈ ਪਹਿਲੀ ਵਾਰ ਨਹੀਂ ਹੈ। ਗੁਰਦਾਸ ਮਾਨ ਨੇ 2019 ਦੇ ਵਿੱਚ ਪੰਜਾਬੀ ਭਾਸ਼ਾ ਪ੍ਰਤੀ ਨਾਕਾਰਤਮਕ ਭੂਮਿਕਾ ਨਿਭਾਈ ਸੀ।
ਉਹਨਾਂ ਦੇ ਕੈਨੈਡਾ ਦੇ ਵਿੱਚ ਚਲਦੇ ਸ਼ੋ ਦੇ ਦੌਰਾਨ ਜਦੋ ਚਰਨਜੀਤ ਸਿੰਘ ਸੂਜੋ ਵਲੋਂ ਵਿਰੋਧ ਕੀਤਾ ਗਿਆ ਤਾਂ ਗੁਰਦਾਸ ਮਾਨ ਨੇ ਉਹਨਾਂ ਦੇ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਸੀ। ਸੈਫ਼ੀ ਪਾਰਟੀ ਨੇ ਵਾਈਸ ਚਾਂਸਲਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਹੈ ਕਿ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕਰਨ ਵਾਲੇ ਗੁਰਦਾਸ ਮਾਨ ਤੋਂ ਡੀ-ਲਿੱਟ ਦੀ ਡਿਗਰੀ ਵਾਪਿਸ ਲਈ ਜਾਵੇ।