ਟੋਕੀਓ ਵਿੱਚ ਚੱਲ ਰਹੇ ਪੈਰਾਲੰਪਿਕ ਖੇਡਾਂ ਦੇ ਆਖਰੀ ਦਿਨ ਯਾਨੀ ਕਿ ਐਤਵਾਰ ਨੂੰ ਨੋਇਡਾ ਦੇ ਡੀਐੱਮ ਸੁਹਾਸ ਐੱਲ ਯਥਿਰਾਜ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਦਿਵਾਈ ਹੈ।
ਵਿਸ਼ਵ ਦੇ ਤੀਜੇ ਨੰਬਰ ਦੇ ਬੈਡਮਿੰਟਨ ਖਿਡਾਰੀ ਸੁਹਾਸ ਨੇ ਅੱਜ ਪੁਰਸ਼ ਸਿੰਗਲਜ਼ SL4 ਈਵੈਂਟ ਦੇ ਗੋਲਡ ਮੈਡਲ ਮੈਚ ਵਿੱਚ ਕੜੀ ਮਿਹਨਤ ਦੇ ਬਾਵਜੂਦ ਫਰਾਂਸ ਦੇ ਐੱਲ ਮਾਜੂਰ ਤੋਂ 21-15, 17-21, 15-21 ਤੋਂ ਹਾਰ ਗਏ। ਹਾਲਾਂਕਿ ਇਸ ਹਾਰ ਦੇ ਬਾਵਜੂਦ ਵੀ ਉਨ੍ਹਾਂ ਨੇ ਭਾਰਤ ਲਈ ਇਸ ਟੂਰਨਾਮੈਂਟ ਵਿੱਚ ਇਤਿਹਾਸ ਰਚ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਸ਼ਨੀਵਾਰ ਨੂੰ ਸੈਮੀਫਾਈਨਲ ਵਿੱਚ ਜਿੱਤ ਦਰਜ ਕਰਨ ਤੋਂ ਪਹਿਲਾਂ ਗਰੁੱਪ ਪੜਾਅ ਵਿੱਚ ਤਿੰਨ ਮੈਚ ਖੇਡੇ ਤੇ ਇੱਕ ਮੁਕਾਬਲੇ ਨੂੰ ਛੱਡ ਕੇ ਸਾਰਿਆਂ ਵਿੱਚ ਉਨ੍ਹਾਂ ਦਾ ਪ੍ਰਦਰਸ਼ਨ ਬੇਹੱਦ ਸ਼ਾਨਦਾਰ ਸੀ। ਸੈਮੀਫਾਈਨਲ ਮੁਕਾਬਲੇ ਵਿੱਚ ਸੁਹਾਸ ਨੇ ਇੰਡੋਨੇਸ਼ੀਆ ਦੇ ਫ੍ਰੇਡੀ ਸੇਤੀਆਵਾਨ ਨੂੰ 21-9, 21-15 ਨਾਲ ਮਾਤ ਦਿੱਤੀ ਸੀ।
ਦੱਸ ਦੇਈਏ ਕਿ ਸੁਹਾਸ ਦੀ ਜਿੱਤ ‘ਤੇ ਪੀਐੱਮ ਮੋਦੀ ਨੇ ਵੀ ਟਵੀਟ ਕਰ ਕੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਸੇਵਾ ਤੇ ਖੇਡ ਦਾ ਅਦਭੁੱਤ ਸੰਗਮ, ਸੁਹਾਸ ਯਥਿਰਾਜ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪੂਰੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਬੈਡਮਿੰਟਨ ਵਿੱਚ ਸਿਲਵਰ ਮੈਡਲ ਜਿੱਤਣ ‘ਤੇ ਉਨ੍ਹਾਂ ਨੂੰ ਬਹੁਤ-ਬਹੁਤ ਵਧਾਈ। ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ।