ਭਾਰਤ ਦੇ ਸਟਾਰ ਗੋਲਫਰ ਜੀਵ ਮਿਲਖਾ ਸਿੰਘ ਦੇ ਨਾਮ ਨਾਲ ਇੱਕ ਹੋਰ ਉਪਲੱਬਧੀ ਜੁੜ ਗਈ ਹੈ। ਉਹ ਦੁਬਈ ਦਾ ਗੋਲਡਨ ਵੀਜ਼ਾ ਹਾਸਿਲ ਕਰਨ ਵਾਲੇ ਦੁਨੀਆ ਦੇ ਪਹਿਲੇ ਪੇਸ਼ੇਵਰ ਗੋਲਫਰ ਬਣ ਗਏ ਹਨ।
ਜੀਵ ਮਿਲਖਾ ਸਿੰਘ ਨੂੰ ਖੇਡਾਂ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਉਪਲੱਬਧੀਆਂ ਲਈ 10 ਸਾਲਾਂ ਦਾ ਦੁਬਈ ਦਾ ਗੋਲਡਨ ਵੀਜ਼ਾ ਦਿੱਤਾ ਗਿਆ ਹੈ। ਦਰਅਸਲ, ਜੀਵ ਦਾ ਦੁਬਈ ਨਾਲ ਪੁਰਾਣਾ ਰਿਸ਼ਤਾ ਰਿਹਾ ਹੈ। ਉਨ੍ਹਾਂ ਨੇ ਇੱਥੇ ਕਈ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਤੇ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਦੇ ਇਸ ਸ਼ਹਿਰ ਵਿੱਚ ਬਹੁਤ ਸਾਰੇ ਮਿੱਤਰ ਹਨ।
ਜੀਵ ਨੇ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਮੈਂ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਕਿ ਦੁਬਈ ਸਰਕਾਰ ਨੇ ਗੋਲਡਨ ਵੀਜ਼ਾ ਲਈ ਮੇਰੇ ਨਾਮ ‘ਤੇ ਵਿਚਾਰ ਕੀਤਾ। ਜ਼ਿਕਰਯੋਗ ਹੈ ਕਿ ਯੂਰਪ ਦੀ ਯਾਤਰਾ ਦੌਰਾਨ ਚਾਰ, ਜਪਾਨ ਗੋਲਫ ਟੂਰ ‘ਤੇ 4 ਤੇ ਏਸ਼ਿਆਈ ਟੂਰ ‘ਤੇ 6 ਖਿਤਾਬ ਆਪਣੇ ਨਾਮ ਕਰਨ ਵਾਲੇ ਜੀਵ ਸਿੰਘ ਨੂੰ 10 ਸਾਲ ਲਈ ਗੋਲਡਨ ਕਾਰਡ ਦਿੱਤਾ ਗਿਆ ਹੈ।
ਜੀਵ ਨੇ ਕਿਹਾ ਕਿ ਇਹ ਬਹੁਤ ਵੱਡਾ ਸਨਮਾਨ ਹੈ। ਮੈਨੂੰ ਲੱਗਦਾ ਹੈ ਕਿ ਮੈਂ ਪਹਿਲੀ ਵਾਰ 1993 ਵਿੱਚ ਦੁਬਈ ਆਇਆ ਸੀ ਤੇ ਮੈਂ ਇੱਥੇ ਬਿਤਾਏ ਹਰ ਪਲ ਦਾ ਲੁਤਫ਼ ਚੁੱਕਿਆ। ਦੱਸ ਦੇਈਏ ਕਿ ਜੀਵ ਮਿਲਖਾ ਤੋਂ ਪਹਿਲਾਂ ਵੀ ਬਹੁਤ ਸਾਰੇ ਖਿਡਾਰੀਆਂ ਨੂੰ ਇਹ ਵੀਜ਼ਾ ਦਿੱਤਾ ਜਾ ਚੁੱਕਿਆ ਹੈ। ਇਨ੍ਹਾਂ ਖਿਡਾਰੀਆਂ ਵਿੱਚ ਰੋਨਾਲਡੋ, ਪਾਲ ਪੋਗਬਾ, ਰੋਬਰਟੋ ਕਾਰਲੋਸ, ਲੁਇਸ ਫ਼ਿਗੋ ਤੇ ਰੋਮੇਲੁ ਲੋਕਾਕੁ, ਭਾਰਤੀ ਟੈਨਿਸ ਸਟਾਰ ਸਾਨਿਆ ਮਿਰਜ਼ਾ ਤੇ ਉਨ੍ਹਾਂ ਦੇ ਪਤੀ ਯਾਨੀ ਕਿ ਪਾਕਿਸਤਾਨੀ ਕ੍ਰਿਕਟਰ ਸ਼ੋਇਬ ਮਲਿਕ ਸ਼ਾਮਿਲ ਹਨ।