Saba Qamar Arrest Warrant: ਬਾਲੀਵੁੱਡ ਦੀ ਮਸ਼ਹੂਰ ਫਿਲਮ ‘ਹਿੰਦੀ ਮੀਡੀਅਮ’ ਵਿੱਚ ਕੰਮ ਕਰਨ ਵਾਲੀ ਪਾਕਿਸਤਾਨੀ ਅਦਾਕਾਰਾ ਸਬਾ ਕਮਰ ਦੇ ਖਿਲਾਫ ਵਾਰੰਟ ਜਾਰੀ ਹੋਇਆ ਹੈ। ਇਹ ਵਾਰੰਟ ਪਾਕਿਸਤਾਨ ਦੀ ਸਥਾਨਕ ਅਦਾਲਤ ਨੇ ਜਾਰੀ ਕੀਤਾ ਹੈ।
ਇਹ ਵਾਰੰਟ ਸਬਾ ਕਰੀਮ, ਪਾਕਿਸਤਾਨੀ ਗਾਇਕ ਬਿਲਾਲ ਸਈਦ ਅਤੇ ਹੋਰਾਂ ਦੇ ਖਿਲਾਫ ਜਾਰੀ ਕੀਤਾ ਗਿਆ ਹੈ। ਅਦਾਲਤ ਉਨ੍ਹਾਂ ਸਾਰਿਆਂ ਨੂੰ ਲੰਮੇ ਸਮੇਂ ਤੋਂ ਪੇਸ਼ ਹੋਣ ਲਈ ਸੰਮਨ ਭੇਜ ਰਹੀ ਸੀ, ਪਰ ਉਹ ਸਾਰੇ ਇੱਕ ਵਾਰ ਵੀ ਪੇਸ਼ ਨਹੀਂ ਹੋਏ। ਆਖਰਕਾਰ, ਅਦਾਲਤ ਨੇ ਸਬਾ ਕਮਰ, ਸਈਦ ਬਲਾਲ ਅਤੇ ਉਨ੍ਹਾਂ ਦੇ ਸਾਥੀਆਂ ਦੇ ਖਿਲਾਫ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਇਹ ਵਾਰੰਟ ਅਦਾਲਤ ਦੀ ਸੁਣਵਾਈ ਵਿੱਚ ਨਾ ਪਹੁੰਚਣ ਕਾਰਨ ਜਾਰੀ ਕੀਤਾ ਗਿਆ ਸੀ।
ਪਿਛਲੇ ਸਾਲ ਲਾਹੌਰ ਦੀ ਮਸਜਿਦ ਵਜ਼ੀਰ ਖਾਨ ਵਿੱਚ ਗਾਣੇ ਦੀ ਸ਼ੂਟਿੰਗ ਦੇ ਲਈ ਸਬਾ ਕਮਰ ਅਤੇ ਟੀਮ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਕਿਹਾ ਗਿਆ ਸੀ ਕਿ ਸਬਾ ਅਤੇ ਸਈਦ ਨੇ ਇੱਕ ਗੀਤ ਫਿਲਮਾ ਕੇ ਮਸਜਿਦ ਦੀ ਪਵਿੱਤਰਤਾ ਦੀ ਉਲੰਘਣਾ ਕੀਤੀ ਸੀ। ਪਾਕਿਸਤਾਨ ਦੇ ਲੋਕ ਵੀ ਉਸ ਦੇ ਇਸ ਕਾਰੇ ਤੋਂ ਬਹੁਤ ਨਾਰਾਜ਼ ਸਨ। ਇੰਨਾ ਹੀ ਨਹੀਂ, ਪੰਜਾਬ ਸਰਕਾਰ ਨੇ ਇਸ ਮਾਮਲੇ ਵਿੱਚ ਦੋ ਸੀਨੀਅਰ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਹੈ। ਫਿਲਹਾਲ ਅਦਾਲਤ ਨੇ ਅਗਲੀ ਸੁਣਵਾਈ 06 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਹੈ।
ਸਬਾ ਨੂੰ ਨਾ ਸਿਰਫ ਜਨਤਕ ਨਿਰਾਦਰ ਦਾ ਸਾਹਮਣਾ ਕਰਨਾ ਪਿਆ, ਬਲਕਿ ਉਸਨੂੰ ਸੋਸ਼ਲ ਮੀਡੀਆ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਮਿਲਣ ਲੱਗੀਆਂ। ਮਾਮਲੇ ਨੂੰ ਤੇਜ਼ ਹੁੰਦੇ ਵੇਖ ਸਬਾ ਨੇ ਅੱਗੇ ਆ ਕੇ ਮੁਆਫੀ ਮੰਗੀ ਹੈ। ਉਸਨੇ ਆਪਣੇ ਸਪਸ਼ਟੀਕਰਨ ਵਿੱਚ ਇਹ ਵੀ ਕਿਹਾ ਹੈ ਕਿ ਇਸ ਵੀਡੀਓ ਵਿੱਚ ਨਿਕਾਹ ਫਿਲਮਾਇਆ ਗਿਆ ਸੀ ਅਤੇ ਇਸ ਦੀ ਸ਼ੂਟਿੰਗ ਦੌਰਾਨ ਕੋਈ ਸੰਗੀਤ ਨਹੀਂ ਚਲਾਇਆ ਗਿਆ ਸੀ।