ਆਈਪੀਐਲ 2021 ਦੇ ਦੂਜੇ ਪੜਾਅ ਤੋਂ ਪਹਿਲਾਂ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਅਤੇ ਪੰਜਾਬ ਕਿੰਗਜ਼ ਨੂੰ ਵੱਡਾ ਝਟਕਾ ਲੱਗਿਆ ਹੈ। ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ ਅਤੇ ਡੇਵਿਡ ਮਲਾਨ ਨੇ ਆਈਪੀਐਲ ਤੋਂ ਆਪਣੇ ਨਾਮ ਵਾਪਿਸ ਲੈ ਲਏ ਹਨ।
ਹੁਣ ਦੋਵੇਂ ਖਿਡਾਰੀ 19 ਸਤੰਬਰ ਤੋਂ ਯੂਏਈ ਵਿੱਚ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਵਿੱਚ ਨਹੀਂ ਖੇਡਣਗੇ। ਪੰਜਾਬ ਕਿੰਗਜ਼ ਨੇ ਟਵੀਟ ਕਰਕੇ ਡੇਵਿਡ ਮਲਾਨ ਵੱਲੋ ਨਾਮ ਵਾਪਿਸ ਲੈਣ ਦੀ ਪੁਸ਼ਟੀ ਕੀਤੀ ਹੈ। ਟੀਮ ਨੇ ਦੱਸਿਆ ਕਿ ਏਡੇਨ ਮਾਰਕਰਮ ਨੂੰ ਮਲਾਨ ਦੀ ਥਾਂ ਸ਼ਾਮਿਲ ਕੀਤਾ ਜਾਵੇਗਾ। ਬੇਅਰਸਟੋ ਅਤੇ ਮਾਲਨ ਆਈਪੀਐਲ 2021 ਦੇ ਦੂਜੇ ਪੜਾਅ ਵਿੱਚ ਯੂਏਈ ਵਿੱਚ ਨਹੀਂ ਖੇਡਣਗੇ। ਬੇਅਰਸਟੋ ਸਨਰਾਈਜ਼ਰਜ਼ ਹੈਦਰਾਬਾਦ ਲਈ ਖੇਡਦਾ ਸੀ, ਜਦੋਂ ਕਿ ਮਲਾਨ ਨੂੰ ਆਈਪੀਐਲ 2021 ਦੀ ਨਿਲਾਮੀ ਵਿੱਚ ਪੰਜਾਬ ਕਿੰਗਜ਼ ਨੇ ਖਰੀਦਿਆ ਸੀ। ਸਨਰਾਈਜ਼ਰਸ ਹੈਦਰਾਬਾਦ ਲਈ ਇਹ ਇੱਕ ਵੱਡਾ ਝਟਕਾ ਹੈ, ਕਿਉਂਕਿ ਬੇਅਰਸਟੋ 2019 ਵਿੱਚ ਆਈਪੀਐਲ ਦੀ ਸ਼ੁਰੂਆਤ ਤੋਂ ਬਾਅਦ ਟੀਮ ਦੇ ਸ਼ੁਰੂਆਤੀ ਬੱਲੇਬਾਜ਼ ਰਹੇ ਹਨ। ਬੇਅਰਸਟੋ ਆਈਪੀਐਲ 2021 ਦੇ ਪਹਿਲੇ ਅੱਧ ਵਿੱਚ ਚੰਗੀ ਫਾਰਮ ਵਿੱਚ ਸੀ ਅਤੇ ਉਸਨੇ 7 ਮੈਚਾਂ ਵਿੱਚ 248 ਦੌੜਾਂ ਬਣਾਈਆਂ ਸਨ। ਉਸਨੇ 2 ਮੈਚਾਂ ਵਿੱਚ ਅਰਧ ਸੈਂਕੜਾ ਵੀ ਲਗਾਇਆ ਸੀ।
ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 14 ਵੇਂ ਸੀਜ਼ਨ ਦਾ ਦੂਜਾ ਪੜਾਅ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਖੇਡਿਆ ਜਾਵੇਗਾ। ਆਈਪੀਐਲ 2021 ਭਾਰਤ ਵਿੱਚ 9 ਅਪ੍ਰੈਲ ਤੋਂ ਸ਼ੁਰੂ ਹੋਇਆ ਸੀ, ਪਰ ਕੁੱਝ ਖਿਡਾਰੀਆਂ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਇਸਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਹੁਣ ਇਸ ਦਾ ਦੂਜਾ ਪੜਾਅ ਯੂਏਈ ਵਿੱਚ ਸ਼ੁਰੂ ਹੋਵੇਗਾ। ਆਈਪੀਐਲ 2021 ਦੇ ਦੂਜੇ ਪੜਾਅ ਦੀ ਸ਼ੁਰੂਆਤ 19 ਸਤੰਬਰ ਨੂੰ ਚੇਨਈ ਸੁਪਰ ਕਿੰਗਜ਼ (ਸੀਐਸਕੇ) ਅਤੇ ਮੁੰਬਈ ਇੰਡੀਅਨਜ਼ (ਐਮਆਈ) ਵਿਚਾਲੇ ਮੈਚ ਨਾਲ ਹੋਵੇਗੀ। ਇਹ ਮੈਚ ਦੁਬਈ ਵਿੱਚ ਸ਼ਾਮ 07:30 ਵਜੇ ਖੇਡਿਆ ਜਾਵੇਗਾ। ਪਹਿਲਾਂ ਦੀ ਤਰ੍ਹਾਂ, ਦੂਜੇ ਪੜਾਅ ਵਿੱਚ, ਦੁਪਹਿਰ ਦੇ ਮੈਚ 03:30 ਵਜੇ ਅਤੇ ਸ਼ਾਮ ਦੇ ਮੈਚ 07:30 ਵਜੇ ਖੇਡੇ ਜਾਣਗੇ।