ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ 26 ਅਗਸਤ ਨੂੰ ਇੱਕ ਆਤਮਘਾਤੀ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਹੋਏ ਡਰੋਨ ਹਮਲੇ ਨੂੰ ਲੈ ਕੇ ਅਮਰੀਕਾ ਵੱਲੋਂ ਮੁਆਫ਼ੀ ਮੰਗੀ ਗਈ ਹੈ। ਇਸ ਹਮਲੇ ਵਿੱਚ 7 ਬੱਚਿਆਂ ਸਣੇ 10 ਬੇਗੁਨਾਹ ਲੋਕਾਂ ਦੀ ਮੌਤ ਹੋ ਗਈ ਸੀ।
ਇਸ ਸਬੰਧੀ ਬਿਆਨ ਦਿੰਦਿਆਂ ਅਮਰੀਕਾ ਨੇ ਆਪਣੀ ਗਲਤੀ ਕਬੂਲਦਿਆਂ ਇਸਨੂੰ ਇੱਕ ਭਿਆਨਕ ਗਲਤੀ ਦੱਸਿਆ ਹੈ। ਦਰਅਸਲ, ਇਸ ਹਮਲੇ ਸਬੰਧੀ ਇੱਕ ਰਿਪੋਰਟ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਸ ਹਮਲੇ ਵਿੱਚ ISIS ਦੇ ਕਿਸੇ ਵੀ ਅੱਤਵਾਦੀ ਦੀ ਮੌਤ ਨਹੀਂ ਹੋਈ ਹੈ, ਬਲਕਿ ਇਸ ਹਮਲੇ ਵਿੱਚ ਸਾਰੇ ਹੀ ਬੇਗੁਨਾਹ ਲੋਕ ਮਾਰੇ ਗਏ ਹਨ।
ਇਸ ਸਬੰਧੀ ਅਮਰੀਕੀ ਸੈਂਟਰਲ ਕਮਾਂਡ ਦੇ ਮੁਖੀ ਮਰੀਨ ਫ੍ਰੈਂਕ ਮੈਕੇਂਜੀ ਨੇ ਕਿਹਾ ਕਿ ਇਹ ਹਮਲਾ ਇੱਕ ਬਹੁਤ ਵੱਡੀ ਗਲਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇਸਦੇ ਲਈ ਮੁਆਫੀ ਵੀ ਮੰਗੀ। ਉਨ੍ਹਾਂ ਕਿਹਾ ਕਿ ਅਮਰੀਕਾ ਵੱਲੋਂ ਕੀਤੇ ਗਏ ਇਸ ਹਮਲੇ ਦੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਨੇ ਇੱਕ ਗੱਡੀ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਮੰਨਿਆ ਜਾ ਰਿਹਾ ਸੀ ਕਿ ਇਹ ਗੱਡੀ ਵਿਸਫੋਟਕਾਂ ਨਾਲ ਭਰੀ ਹੋਈ ਹੈ, ਜੋ ਕਿ ਕਾਬੁਲ ਏਅਰਪੋਰਟ ‘ਤੇ ਮੌਜੂਦ ਅਮਰੀਕੀ ਬਲਾਂ ਲਈ ਵੱਡਾ ਖਤਰਾ ਹੋ ਸਕਦੀ ਸੀ।
ਇਸ ਤੋਂ ਅੱਗੇ ਮੈਕੇਂਜੀ ਨੇ ਕਿਹਾ ਕਿ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਇਸ ਦੁਖਦ ਹਮਲੇ ਵਿੱਚ 7 ਬੱਚਿਆਂ ਸਣੇ 10 ਆਮ ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਕਿਹਾ ਕਿ ਅਸੀਂ ਇਸ ਗੱਲ ਦਾ ਮੁਆਇਨਾ ਕਰ ਰਹੇ ਹਾਂ ਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਗੱਡੀ ਤੇ ਮਾਰੇ ਗਏ ISIS-K ਨਾਲ ਜੁੜੇ ਹੋਏ ਸਨ ਜੋ ਅਮਰੀਕੀ ਬਲਾਂ ਲਈ ਸਿੱਧਾ ਖਤਰਾ ਸੀ।