ਪੰਜਾਬ ਦਾ ਭੱਠਾ ਉਦਯੋਗ ਬੰਦ ਹੋਣ ਦੀ ਕਗਾਰ ‘ਤੇ ਹੈ। ਭੱਠਾ ਮਾਲਕਾਂ ਨੇ ਇਸ ਦਾ ਜ਼ਿੰਮੇਵਾਰ ਸਰਕਾਰ ਨੂੰ ਠਹਿਰਾਇਆ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਸਰਕਾਰ ਦੀ ਅਣਦੇਖੀ ਕਰਕੇ ਜਿੱਥੇ ਸਰਕਾਰ ਨੂੰ ਲੱਖਾਂ ਰੁਪਏ ਟੈਕਸ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਹੀ ਭੱਠਾ ਮਾਲਕਾਂ ਨੂੰ ਵੀ ਵੱਡਾ ਨੁਕਸਾਨ ਹੈ। ਭੱਠਾ ਮਾਲਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ਨੂੰ ਰੋਕਣ ਲਈ ਜਿੱਗ ਜੈਗ ਸਕੀਮ ਦੇ ਤਹਿਤ ਭੱਠੇ ਬਣਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਰਾਜਸਥਾਨ ਚ ਅੱਜ ਵੀ ਇਹ ਸਕੀਮ ਲਾਗੂ ਨਾ ਹੋਣ ਕਰਕੇ ਉੱਥੇ ਇੱਟਾਂ ਦਾ ਭਾਅ ਸਸਤਾ ਹੈ।
ਭੱਠਾ ਮਾਲਕਾਂ ਨੇ ਦੱਸਿਆ ਕਿ ਪੰਜਾਬ ‘ਚ ਕੋਲੇ ਨਾਲ ਇੱਟਾਂ ਤਿਆਰ ਕੀਤੀਆਂ ਜਾਂਦੀਆਂ ਹਨ ਅਤੇ ਕੇਂਦਰ ਸਰਕਾਰ ਦੀਆਂ ਹਦਾਇਤਾਂ ‘ਤੇ ਭੱਠੇ ਜਿਗ ਜੈਗ ਸਕੀਮ ਤਹਿਤ ਤਿਆਰ ਕੀਤੇ ਗਏ। ਜਿਨ੍ਹਾਂ ‘ਤੇ ਲੱਖਾਂ ਰੁਪਏ ਦੀ ਲਾਗਤ ਆਈ ਹੈ ਪਰ ਰਾਜਸਥਾਨ ‘ਚ ਇੱਟਾਂ ਗੁਣੇ ( ਲੱਕੜ ਦੇ ਬੁਰੇ ) ਨਾਲ ਤਿਆਰ ਕੀਤੀ ਜਾਂਦੀ ਹੈ। ਜਿਸ ਕਰਕੇ ਪੰਜਾਬ ਦੇ ਭੱਠਿਆਂ ਦੇ ਮੁਕਾਬਲੇ ਉਥੇ ਇੱਟ ਸਸਤੀ ਤਿਆਰ ਹੁੰਦੀ ਹੈ, ਇਸੇ ਕਰਕੇ ਰਾਜਸਥਾਨ ਦੇ ਭੱਠਾ ਮਾਲਕਾਂ ਵੱਲੋਂ ਪੰਜਾਬ ਦੇ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿਚ ਇੱਟਾਂ ਸਸਤੇ ਭਾਅ ਤੇ ਭੇਜੀਆਂ ਜਾ ਰਹੀਆਂ ਹਨ। ਜਿਸ ਨਾਲ ਜਿੱਥੇ ਪੰਜਾਬ ਸਰਕਾਰ ਨੂੰ ਜੀਐੱਸਟੀ ਦਾ ਨੁਕਸਾਨ ਹੋ ਰਿਹਾ ਹੈ। ਉਥੇ ਹੀ ਭੱਠਾ ਮਾਲਕਾਂ ਦੀ ਆਰਥਿਕਤਾ ਨੂੰ ਵੀ ਢਾਹ ਲੱਗ ਰਹੀ ਹੈ।
ਭੱਠਾ ਮਾਲਕਾਂ ਨੇ ਕਿਹਾ ਕਿ ਜ਼ਿਲ੍ਹਾ ਫ਼ਾਜ਼ਿਲਕਾ ਤੇ ਅਬੋਹਰ ਇਲਾਕੇ ਵਿੱਚ ਕਰੀਬ ਸੱਤਰ ਪੱਠੇ ਹੋਇਆ ਕਰਦੇ ਸਨ ਪਰ ਹੁਣ ਉਨ੍ਹਾਂ ਦੀ ਗਿਣਤੀ ਘਟ ਕੇ ਕਰੀਬ 40 ਦੀ ਰਹਿ ਗਈ ਹੈ ਰਾਜਸਥਾਨ ਤੋਂ ਆ ਰਹੀਆਂ ਇੱਟਾਂ ਦੇ ਮਾਮਲੇ ਨੂੰ ਲੈ ਕੇ ਅਬੋਹਰ ਦੇ ਭੱਠਾ ਮਾਲਕਾਂ ਯੂਨੀਅਨ ਵਲੋਂ ਇਕ ਬੈਠਕ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ ਤੇ ਰਾਜਸਥਾਨ ਤੋਂ ਆ ਰਹੀਆਂ ਇੱਟਾਂ ਦੀ ਸਪਲਾਈ ਬੰਦ ਕੀਤੀ ਜਾਵੇ।