ਰਾਸ਼ਟਰੀ ਖਪਤਕਾਰ ਝਗੜੇ ਨਿਵਾਰਣ ਕਮਿਸ਼ਨ (national consumer disputes redressal commission- ਐਨਸੀਡੀਆਰਸੀ) ਨੇ ਦਿੱਲੀ ਦੇ ਇੱਕ ਸੈਲੂਨ ਨੂੰ ਇੱਕ ਔਰਤ ਨੂੰ ਦੋ ਕਰੋੜ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ।
ਤੁਸੀ ਵੀ ਇਸ ਖਬਰ ਨੂੰ ਪੜ੍ਹ ਕੇ ਹੈਰਾਨ ਹੋ ਰਹੇ ਹੋਵੋਂਗੇ ਕਿ ਅਜਿਹਾ ਕਿਉਂ ? ਦਰਅਸਲ ਔਰਤ ਦੇ ਵਾਲਾਂ ਨੂੰ ਗਲਤ ਤਰੀਕੇ ਨਾਲ ਕੱਟਣ ਅਤੇ ਵਾਲਾਂ ਦਾ ਗਲਤ ਟ੍ਰੀਟਮੈਂਟ ਕਰਨ ਨਾਲ ਵਾਲਾਂ ਨੂੰ ਸਥਾਈ ਨੁਕਸਾਨ ਪਹੁੰਚਾਉਣ ਦੇ ਬਦਲੇ ਇਹ ਮੁਆਵਜ਼ਾ ਦੇਣ ਲਈ ਕਿਹਾ ਗਿਆ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ, ਇਹ ਸੈਲੂਨ ਦਿੱਲੀ ਦੇ ਇੱਕ ਹੋਟਲ ਵਿੱਚ ਸਥਿਤ ਹੈ। ਜਿੱਥੇ ਅਪ੍ਰੈਲ 2018 ਵਿੱਚ ਆਸ਼ਨਾ ਰਾਏ ਆਪਣੇ ਵਾਲਾਂ ਦੇ ਟ੍ਰੀਟਮੈਂਟ ਲਈ ਗਈ ਸੀ। ਉਹ ‘ਹੇਅਰ ਪ੍ਰੋਡਕਟਸ’ ਦੀ ਮਾਡਲ ਸੀ ਅਤੇ ਬਹੁਤ ਸਾਰੇ ‘ਹੇਅਰ-ਕੇਅਰ ਬ੍ਰਾਂਡਸ’ ਲਈ ਮਾਡਲਿੰਗ ਕਰ ਚੁੱਕੀ ਸੀ। ਪਰ ਉਸ ਦੇ ਨਿਰਦੇਸ਼ਾਂ ਦੇ ਉਲਟ ਸੈਲੂਨ ਦੁਆਰਾ ਗਲਤ ਵਾਲ ਕੱਟੇ ਜਾਣ ਕਾਰਨ, ਉਸ ਨੂੰ ਆਪਣੇ ਕੰਮ ਤੋਂ ਹੱਥ ਧੋਣਾ ਪਿਆ ਅਤੇ ਵਿੱਤੀ ਨੁਕਸਾਨ ਵੀ ਝੱਲਣਾ ਪਿਆ, ਜਿਸਨੇ ਨਾ ਸਿਰਫ ਉਸ ਦੀ ਜੀਵਨ ਸ਼ੈਲੀ ਨੂੰ ਬਦਲਿਆ, ਬਲਕਿ ਇੱਕ ਪ੍ਰਮੁੱਖ ਮਾਡਲ ਬਣਨ ਦੇ ਉਸ ਦੇ ਸੁਪਨੇ ਨੂੰ ਵੀ ਚਕਨਾਚੂਰ ਕਰ ਦਿੱਤਾ।
ਆਸ਼ਨਾ ਰਾਏ ਦਾ ਕਹਿਣਾ ਹੈ ਕਿ ਮੈਂ ਸੈਲੂਨ ਨੂੰ ਸਪੱਸ਼ਟ ਤੌਰ ‘ਤੇ ਕਿਹਾ ਸੀ ਕਿ ਵਾਲਾਂ ਨੂੰ ਅੱਗੇ ਤੋਂ ਲੰਬਾ’ ‘ਫਲਿਕਸ’ ਰੱਖਣ ਅਤੇ ਪਿਛਲੇ ਪਾਸੇ ਤੋਂ ਵਾਲਾਂ ਨੂੰ ਚਾਰ ਇੰਚ ਕੱਟਣ ਲਈ ਕਿਹਾ ਸੀ। ਪਰ ਹੇਅਰ ਡ੍ਰੈਸਰ ਨੇ ਆਪਣੇ ਮਰਜ਼ੀ ਨਾਲ ਉਸ ਦੇ ਲੰਬੇ ਵਾਲਾਂ ਨੂੰ ਸਿਰਫ ਚਾਰ ਇੰਚ ਛੱਡ ਕੇ ਪੂਰੀ ਤਰ੍ਹਾਂ ਕੱਟ ਦਿੱਤਾ। ਜਦੋਂ ਉਸਨੇ ਇਸ ਸਬੰਧ ਵਿੱਚ ਮੈਨੇਜਰ ਨੂੰ ਸ਼ਿਕਾਇਤ ਕੀਤੀ, ਤਾਂ ਉਸ ਨੇ ਵਾਲਾਂ ਦੇ ਮੁਫਤ ਟ੍ਰੀਟਮੈਂਟ ਦੀ ਪੇਸ਼ਕਸ਼ ਕੀਤੀ। ਆਸ਼ਨਾ ਦਾ ਦਾਅਵਾ ਹੈ ਕਿ ਇਸ ਸਮੇਂ ਦੌਰਾਨ ਰਸਾਇਣ ਨੇ ਉਸਦੇ ਵਾਲਾਂ ਨੂੰ ਸਥਾਈ ਨੁਕਸਾਨ ਪਹੁੰਚਾਇਆ। ਜਿਸਦੇ ਨਾਲ ਉਹ ਰਾਸ਼ਟਰੀ ਖਪਤਕਾਰ ਝਗੜੇ ਨਿਵਾਰਣ ਕਮਿਸ਼ਨ ਕੋਲ ਪਹੁੰਚੀ ਅਤੇ ਤਿੰਨ ਕਰੋੜ ਰੁਪਏ ਦੇ ਮੁਆਵਜ਼ੇ ਦੀ ਬੇਨਤੀ ਕੀਤੀ। ਇਸੇ ਮਾਮਲੇ ਵਿੱਚ ਹੁਣ ਕਮਿਸ਼ਨ ਨੇ ਆਦੇਸ਼ ਦਿੱਤਾ ਹੈ ਕਿ ਸ਼ਿਕਾਇਤਕਰਤਾ ਨੂੰ ਦੋ ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ੇ ਦੀ ਰਕਮ ਸ਼ਿਕਾਇਤਕਰਤਾ ਨੂੰ ਅੱਠ ਹਫਤਿਆਂ (ਦੋ ਮਹੀਨਿਆਂ) ਦੇ ਅੰਦਰ ਦਿੱਤੀ ਜਾਣੀ ਚਾਹੀਦੀ ਹੈ।