ਪੰਜਾਬ ਕਾਂਗਰਸ ‘ਚ ਸ਼ੁਰੂ ਹੋਇਆ ਕਾਟੋ ਕਲੇਸ਼ ਅਜੇ ਵੀ ਜਾਰੀ ਹੈ। ਜਿੱਥੇ ਪਹਿਲਾ ਕੈਪਟਨ ਤੇ ਨਵਜੋਤ ਸਿੱਧੂ ਇੱਕ ਦੂਜੇ ਦੇ ਖਿਲਾਫ ਖੜ੍ਹੇ ਸਨ, ਉੱਥੇ ਹੀ ਹੁਣ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਵੀ ਪੰਜਾਬ ਕਾਂਗਰਸ ਦੇ ਪ੍ਰਧਾਨ ਦੀਆਂ ਦੂਰੀਆਂ ਵੱਧਦੀਆਂ ਨਜ਼ਰ ਆ ਰਹੀਆਂ ਹਨ।
ਇਸ ਦੌਰਾਨ ਹੁਣ ਪੰਜਾਬ ਕਾਂਗਰਸ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ। ਪੰਜਾਬ ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਬਿਨਾ ਕਿਸੇ ਮੁੱਖ ਮੰਤਰੀ ਚਿਹਰੇ ਦੇ ਲੜ ਸਕਦੀ ਹੈ। ਇਸ ਗੱਲ ਦੇ ਸੰਕੇਤ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਇੱਕ ਚੈੱਨਲ ਦੇ ਨਾਲ ਗੱਲਬਾਤ ਕਰਦਿਆਂ ਦਿੱਤੇ ਹਨ। ਪੰਜਾਬ ਕਾਂਗਰਸ ਦੇ ਨਵੇਂ ਮੁੱਖ ਮੰਤਰੀ ਦਾ ਫ਼ੈਸਲਾ ਸੂਬਾਈ ਚੋਣਾਂ ਤੋਂ ਬਾਅਦ ਕੀਤਾ ਜਾਵੇਗਾ, ਇੰਝ ਕਾਂਗਰਸ ਨਵਜੋਤ ਸਿੰਘ ਸਿੱਧੂ ਬਨਾਮ ਚਰਨਜੀਤ ਸਿੰਘ ਚੰਨੀ ਦੇ ਟਕਰਾਅ ਨੂੰ ਘੱਟ ਤੋਂ ਘੱਟ ਅਗਲੇ ਸਾਲ ਦੇ ਸ਼ੁਰੂ ਤੱਕ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ “ਪੰਜਾਬ ਕਾਂਗਰਸ ਦੇ ਮੁਖੀ” ਹਨ।
ਰਾਵਤ ਨੇ ਕਿਹਾ, “ਦੋਵੇਂ ਮਿਲ ਕੇ ਕੰਮ ਕਰਨਗੇ, ਚੋਣ ਜਿੱਤਣਗੇ ਅਤੇ ਫਿਰ ਕਾਂਗਰਸ ਪ੍ਰਧਾਨ ਮੁੱਖ ਮੰਤਰੀ ਬਾਰੇ ਫੈਸਲਾ ਲੈਣਗੇ। ਰਾਵਤ ਨੇ ਕਿਸੇ ਵੀ ਤਰਾਂ ਦਾ ਵਿਵਾਦ ਹੋਣ ਦੇ ਸਵਾਲ ਨੂੰ ਟਾਲਦਿਆਂ ਅਤੇ ਰਿਪੋਰਟਾਂ ਨੂੰ “ਸਿੱਧੂ ਵਿੱਚ ਮੀਡੀਆ ਦੀ ਵਧੇਰੇ ਦਿਲਚਸਪੀ” ਲਈ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਨਿਯੁਕਤੀਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਵਿਵਾਦ ਨੂੰ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਮੁਖੀ ਦੁਆਰਾ ਸੁਲਝਾ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ, “ਉਹ ਦੋਵੇਂ ਅਟਾਰਨੀ ਜਨਰਲ ਅਤੇ ਪੁਲਿਸ ਡਾਇਰੈਕਟਰ ਦੇ ਮੁੱਦਿਆਂ ‘ਤੇ ਮਿਲ ਕੇ ਕੰਮ ਕਰਨਗੇ। ਇੱਥੇ ਸਿਰਫ ਇੱਕ ਛੋਟਾ ਜਿਹਾ ਮੁੱਦਾ ਹੈ ਜਿਸਨੂੰ ਹੱਲ ਕੀਤਾ ਗਿਆ ਹੈ।” ਸਿੱਧੂ ਵੱਲੋ ਆਪਣਾ ਅਸਤੀਫ਼ਾ ਵਾਪਿਸ ਨਾ ਲਏ ਜਾਣ ਦੀਆਂ ਰਿਪੋਰਟਾਂ ਬਾਰੇ ਰਾਵਤ ਨੇ ਕਿਹਾ, “ਉਹ ਕਾਂਗਰਸ ਦੇ ਮੁਖੀ ਵਜੋਂ ਕੰਮ ਕਰ ਰਹੇ ਹਨ … ਸਾਨੂੰ ਉਨ੍ਹਾਂ ਦੇ ਅਸਤੀਫ਼ੇ ਬਾਰੇ ਨਹੀਂ ਪਤਾ?” ਹਾਲਾਂਕਿ ਹਰੀਸ਼ ਰਾਵਤ ਨੇ ਪਹਿਲਾ 2022 ਦੀਆ ਚੋਣਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਲੜਨ ਦਾ ਬਿਆਨ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸਿੱਧੂ ਦੀ ਅਗਵਾਈ ਦਾ ਵੀ ਜ਼ਿਕਰ ਕੀਤਾ ਸੀ। ਹੁਣ ਇੱਕ ਵਾਰ ਫਿਰ ਉਨ੍ਹਾਂ ਦੇ ਇਸ ਬਿਆਨ ਨੇ ਇੱਕ ਨਵੀ ਚਰਚਾ ਛੇੜ ਦਿੱਤੀ ਹੈ।
ਇਹ ਵੀ ਦੇਖੋ : Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food