ਸਿੰਘੂ ਬਾਰਡਰ ‘ਤੇ ਹੋਈ ਨੌਜਵਾਨ ਲਖਬੀਰ ਸਿੰਘ ਦੀ ਹੱਤਿਆ ਦੇ ਦੋਸ਼ੀ ਨਿਹੰਗ ਸਰਬਜੀਤ ਸਿੰਘ ਨੂੰ 7 ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।
ਸ਼ਨੀਵਾਰ ਨੂੰ ਪੁਲਿਸ ਨੇ ਮੈਡੀਕਲ ਕਰਾਉਣ ਪਿੱਛੋਂ ਨਿਹੰਗ ਸਰਬਜੀਤ ਨੂੰ ਸੋਨੀਪਤ ਅਦਾਲਤ ਵਿਚ ਪੇਸ਼ ਕੀਤਾ। ਜਿਸ ਅਦਾਲਤ ਵਿਚ ਸੁਣਵਾਈ ਚੱਲ ਰਹੀ ਸੀ ਉੱਥੇ ਸਾਦੇ ਕੱਪੜਿਆਂ ਵਿਚ ਜਵਾਨ ਵੀ ਮੌਜੂਦ ਰਹੇ। ਲਗਭਗ 2.30 ਵਜੇ ਪੁਲਸ ਨਿਹੰਗ ਸਰਬਜੀਤ ਸਿੰਘ ਨੂੰ ਬਾਹਰ ਲੈ ਕੇ ਨਿਕਲੀ। ਬਾਹਰ ਨਿਕਲਦੇ ਸਮੇਂ ਮੀਡੀਆ ਵਾਲਿਆਂ ਨਾਲ ਧੱਕਾ-ਮੁੱਕੀ ਵਿਚ ਅਣਜਾਣੇ ਵਿਚ ਸਰਬਜੀਤ ਦੀ ਪੱਗ ਲਿਥ ਗਈ।
ਉੱਥੇ ਹੀ, ਪੁਲਿਸ ਵਾਰਦਾਤ ‘ਚ ਸ਼ਾਮਲ ਕੁਝ ਹੋਰ ਨਿਹੰਗਾਂ ਦੀ ਵੀ ਪਛਾਣ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਕੋਸ਼ਿਸ਼ਾਂ ਜਾਰੀ ਹਨ। ਦੱਸ ਦੇਈਏ ਕਿ ਸਿੰਘੂ ਬਾਰਡਰ ‘ਤੇ ਤਰਨਤਾਰਨ ਦੇ ਪਿੰਡ ਚੀਮਾ ਦੇ ਨੌਜਵਾਨ ਲਖਬੀਰ ਸਿੰਘ ਦਾ ਨਿਹੰਗ ਸਰਬਜੀਤ ਸਿੰਘ ਵੱਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਿਹੰਗ ਸਰਬਜੀਤ ਸਿੰਘ ਨੇ ਥਾਣਾ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ ਤੇ ਸਾਰੀ ਘਟਨਾ ਦੀ ਜ਼ਿੰਮੇਵਾਰੀ ਲਈ ਸੀ।
ਸਰਬਜੀਤ ਸਿੰਘ ਦਾ ਦਾਅਵਾ ਹੈ ਕਿ ਲਖਬੀਰ ਸਿੰਘ ਦੇਰ ਰਾਤ 3 ਵਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਉਠਾ ਕੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਨੇ ਇਥੇ ਪਏ ਰੁਮਾਲਾ ਸਾਹਿਬ ਨੂੰ ਬਿਖੇਰ ਦਿੱਤਾ। ਸਰਬਜੀਤ ਮੌਕੇ ‘ਤੇ ਪਹੁੰਚਿਆ ਅਤੇ ਉਸ ਨੂੰ ਦਬੋਚ ਲਿਆ। ਲਖਬੀਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਉਸ ਦਾ ਦੁਬਾਰਾ ਤੋਂ ਪ੍ਰਕਾਸ਼ ਕੀਤਾ ਗਿਆ। ਨਿਹੰਗ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿਚ ਕਿਸਾਨਾਂ ਜਾਂ ਸੰਯੁਕਤ ਕਿਸਾਨ ਮੋਰਚੇ ਦਾ ਕੋਈ ਸਬੰਧ ਨਹੀਂ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਰਬਜੀਤ ਨੇ 4 ਹੋਰ ਮੁਲਜ਼ਮਾਂ ਦੇ ਨਾਂ ਲਏ ਹਨ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਪੁਲਿਸ ਸਰਬਜੀਤ ਨੂੰ ਲੈ ਕੇ ਪੰਜਾਬ ਦੇ ਗੁਰਦਾਸਪੁਰ ਤੇ ਚਮਕੌਰ ਸਾਹਿਬ ਵਿਚ ਜਾ ਸਕਦੀ ਹੈ।
ਵੀਡੀਓ ਲਈ ਕਲਿੱਕ ਕਰੋ :