ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵਿਚਕਾਰ ਤਲਖ਼ੀ ਅਜੇ ਵੀ ਬਰਕਰਾਰ ਹੈ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਈ ਕਮਾਨ ਦੇ ਨੁਕਤਿਆਂ ‘ਤੇ ਕੰਮ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸਾਰੇ ਮਸਲੇ ਹੱਲ ਕਰੇਗੀ। ਸਿੱਧੂ ਨੇ ਵੀ ਬਹੁਤ ਸਾਰੇ ਸੁਝਾਅ ਦਿੱਤੇ ਹਨ ਜਿਨ੍ਹਾਂ ਨੂੰ ਮਿਲ ਕੇ ਹੱਲ ਕੀਤਾ ਜਾਵੇਗਾ।
ਇਸ ਦੌਰਾਨ ਮੁੱਖ ਮੰਤਰੀ ਨੇ ਤੰਜ ਕੱਸਦੇ ਕਿਹਾ ਕਿ ਪਾਰਟੀ ਸੁਪਰੀਮ ਹੈ, ਸਿੱਧੂ ਦੇ ਉੱਪਰ ਵੀ ਹਾਈਕਮਾਨ ਹੈ। ਸਿੱਧੂ ਪਾਰਟੀ ਦੇ ਪ੍ਰਧਾਨ ਹਨ, ਉਹ ਜੋ ਵੀ ਨੁਕਤੇ ਦੱਸਦੇ ਹਨ ਉਨ੍ਹਾਂ ‘ਤੇ ਕੰਮ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਹਾਈਕਮਾਨ ਨੂੰ ਚਿੱਠੀ ਲਿਖੀ ਸੀ। ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਲਿਖੇ ਚਾਰ ਪੰਨਿਆਂ ਦੇ ਪੱਤਰ ਵਿੱਚ 13 ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਸੀ। ਸਿੱਧੂ ਵੱਲੋਂ ਜਿਨ੍ਹਾਂ 13 ਮੁੱਦਿਆਂ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ‘ਚ ਬੇਅਦਬੀ ਦੇ ਮਾਮਲੇ ਉਤੇ ਨਿਆਂ, ਨਸ਼ੇ, ਖੇਤੀ, ਬਿਜਲੀ, ਸਰਕਾਰ ਅਤੇ ਬਿਜਲੀ ਕੰਪਨੀਆਂ ਦਰਮਿਆਨ ਸਮਝੌਤਿਆਂ ਨੂੰ ਰੱਦ ਕਰਨਾ, ਅਨੁਸੂਚਿਤ ਅਤੇ ਪੱਛੜੀਆਂ ਜਾਤੀਆਂ ਦਾ ਵਿਕਾਸ, ਰੁਜ਼ਗਾਰ, ਸਿੰਗਲ ਵਿੰਡੋ ਸਿਸਟਮ, ਸ਼ਰਾਬ, ਖਣਨ, ਕੇਬਲ ਮਾਫੀਆ ਅਤੇ ਆਵਾਜਾਈ ਸ਼ਾਮਿਲ ਹਨ।
ਇਹ ਵੀ ਪੜ੍ਹੋ : ਰੇਲ ਰੋਕੋ ਅੰਦੋਲਨ ਦਾ ਵੱਡਾ ਪ੍ਰਭਾਵ, ਦੇਸ਼ ਭਰ ‘ਚ ਪੱਟੜੀਆਂ ‘ਤੇ ਡਟੇ ਕਿਸਾਨ
ਉੱਥੇ ਹੀ ਬੀਤੀ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੱਧੂ ਵਿਚਕਾਰ ਇੱਕ ਮੁਲਾਕਾਤ ਵੀ ਹੋਈ ਸੀ। ਜੋ ਕਾਫੀ ਲੰਮੇ ਸਮੇ ਤੱਕ ਜਾਰੀ ਰਹੀ ਸੀ। ਉੱਥੇ ਹੀ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਵੀ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ‘ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਜਿਹੜਾ ਵਿਜ਼ਨ ਲੈ ਕੇ ਆਏ ਸੀ, ਉਨ੍ਹਾਂ ਦੇ ਅਨੁਸਾਰ ਕੰਮ ਨਹੀਂ ਹੋਇਆ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਪਿਆ ਹੈ।
ਵੀਡੀਓ ਲਈ ਕਲਿੱਕ ਕਰੋ -: