ਭਾਰਤੀ ਟੀਮ ਨੇ ਇੰਗਲੈਂਡ ਖ਼ਿਲਾਫ਼ ਅਭਿਆਸ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 7 ਵਿਕਟਾਂ ਨਾਲ ਜਿੱਤ ਹਾਸਿਲ ਕੀਤੀ । ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ।
ਜਿਸ ਕਾਰਨ ਪਹਿਲਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ 20 ਓਵਰਾਂ ਵਿੱਚ 188 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਟੀਮ ਇੰਡੀਆ ਨੇ 19 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਟੀਚਾ ਹਾਸਿਲ ਕਰ ਲਿਆ । ਈਸ਼ਾਨ ਕਿਸ਼ਨ ਨੇ 70 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਉਸ ਤੋਂ ਇਲਾਵਾ ਕੇਐਲ ਰਾਹੁਲ ਨੇ ਵੀ 51 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਯੋਗਦਾਨ ਦਿੱਤਾ।
ਇਹ ਵੀ ਪੜ੍ਹੋ: CBSE : 10ਵੀਂ ਤੇ 12ਵੀਂ ਟਰਮ-1 ਪ੍ਰੀਖਿਆ ਦੀ ਡੇਟਸ਼ੀਟ ਜਾਰੀ, ਦੇਖੋ ਪੂਰਾ ਸ਼ਡਿਊਲ
ਇਸ ਮੁਕਾਬਲੇ ਵਿੱਚ ਭਾਰਤ ਲਈ ਰੋਹਿਤ ਸ਼ਰਮਾ ਓਪਨਿੰਗ ਕਰਨ ਨਹੀਂ ਆਏ ਸਨ । ਕੋਹਲੀ ਨੇ ਇਸ ਮੈਚ ਵਿੱਚ ਈਸ਼ਾਨ ਕਿਸ਼ਨ ਅਤੇ ਕੇਐੱਲ ਰਾਹੁਲ ਨੂੰ ਓਪਨਿੰਗ ਦਾ ਮੌਕਾ ਦਿੱਤਾ । ਇਨ੍ਹਾਂ ਦੋਵਾਂ ਨੇ ਕਪਤਾਨ ਨੂੰ ਨਿਰਾਸ਼ ਨਹੀਂ ਕੀਤਾ ਅਤੇ 8.2 ਓਵਰਾਂ ਵਿੱਚ 82 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ । ਰਾਹੁਲ ਨੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ ।
ਇਸ ਦੇ ਨਾਲ ਹੀ ਈਸ਼ਾਨ ਕਿਸ਼ਨ ਨੇ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 70 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ। ਇਸ ਤੋਂ ਇਲਾਵਾ ਰਿਸ਼ਭ ਪੰਤ ਨੇ 14 ਗੇਂਦਾਂ ਵਿੱਚ 29 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ । ਹਾਰਦਿਕ ਪੰਡਯਾ 12 ਦੌੜਾਂ ਬਣਾ ਕੇ ਨਾਬਾਦ ਰਹੇ।
ਇਹ ਵੀ ਪੜ੍ਹੋ: ਸਿੰਘੂ ਬਾਰਡਰ ਮਾਮਲਾ: ਢੱਡਰੀਆਂ ਵਾਲਿਆਂ ਨੇ ਨਿਹੰਗ ਸਿੰਘਾਂ ਕੋਲੋਂ ਪੁੱਛੇ ਇਹ ਇਕ ਤੋਂ ਵੱਧ ਇਕ ਸਵਾਲ
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਸ ਮੈਚ ਵਿੱਚ ਕੁਝ ਖਾਸ ਨਹੀਂ ਕਰ ਸਕੇ ਅਤੇ 11 ਦੌੜਾਂ ਬਣਾ ਕੇ ਪਵੇਲੀਅਨ ਪਰਤ ਗਏ । ਉਸ ਤੋਂ ਇਲਾਵਾ ਸੂਰਯਾਕੁਮਾਰ ਯਾਦਵ ਵੀ ਇਸ ਮੈਚ ਵਿੱਚ ਫਲਾਪ ਰਹੇ ਅਤੇ ਸਿਰਫ 8 ਦੌੜਾਂ ਦਾ ਯੋਗਦਾਨ ਦੇ ਸਕੇ।
ਦੱਸ ਦੇਈਏ ਕਿ ਇਸ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਇੰਡੀਆ ਲਈ ਮੁਹੰਮਦ ਸ਼ਮੀ ਨੇ 3 ਵਿਕਟਾਂ ਲਈਆਂ । ਸ਼ਮੀ ਨੇ 4 ਓਵਰਾਂ ਵਿੱਚ 40 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ । ਉਨ੍ਹਾਂ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਅਤੇ ਰਾਹੁਲ ਚਾਹਰ ਨੇ ਵੀ ਇੱਕ-ਇੱਕ ਵਿਕਟ ਲਈ । ਮੁਹੰਮਦ ਸ਼ਮੀ ਨੂੰ ਛੱਡ ਕੇ ਬਾਕੀ ਗੇਂਦਬਾਜ਼ ਇਸ ਮੈਚ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਹੀਂ ਕਰ ਸਕੇ।