ਟੀ-20 ਵਿਸ਼ਵ ਕੱਪ ਦੇ ਆਪਣੇ ਦੂਜੇ ਅਭਿਆਸ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 5 ਵਿਕਟਾਂ ‘ਤੇ 152 ਦੌੜਾਂ ਬਣਾਈਆਂ। ਜਿਸਦੇ ਜਵਾਬ ਵਿੱਚ ਭਾਰਤ ਨੇ 17.5 ਓਵਰਾਂ ਵਿੱਚ ਦੋ ਵਿਕਟਾਂ ਦੇ ਨੁਕਸਾਨ ‘ਤੇ 153 ਦੌੜਾਂ ਬਣਾ ਕੇ ਮੈਚ ਜਿੱਤ ਲਿਆ ।
ਇਸ ਮੁਕਾਬਲੇ ਵਿੱਚ ਭਾਰਤ ਦੀ ਜਿੱਤ ਦੇ ਹੀਰੋ ਕਪਤਾਨ ਰੋਹਿਤ ਸ਼ਰਮਾ ਰਹੇ, ਜਿਨ੍ਹਾਂ ਨੇ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ । ਉਸ ਤੋਂ ਇਲਾਵਾ ਕੇਐੱਲ ਰਾਹੁਲ ਨੇ 39 ਅਤੇ ਸੂਰਯਾਕੁਮਾਰ ਯਾਦਵ ਨੇ ਨਾਬਾਦ 38 ਦੌੜਾਂ ਬਣਾਈਆਂ । ਪਹਿਲੇ ਅਭਿਆਸ ਮੈਚ ਵਿੱਚ ਵੀ ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ ਸੀ।
ਇਹ ਵੀ ਪੜ੍ਹੋ: ਭਾਜਪਾ ਨਾਲ ਗਠਜੋੜ ਵਿੱਚ ਕੁਝ ਵੀ ਗਲਤ ਨਹੀਂ, ਮੂਹਰੇ ਹੋ ਕਮਾਨ ਸਾਂਭਾਗਾ : ਕੈਪਟਨ
ਆਸਟ੍ਰੇਲੀਆ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਦਿਆਂ ਰੋਹਿਤ ਸ਼ਰਮਾ ਅਤੇ ਕੇਐਲ ਰਾਹੁਲ ਨੇ 9.2 ਓਵਰਾਂ ਵਿੱਚ 68 ਦੌੜਾਂ ਜੋੜ ਕੇ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ । ਸਪਿਨਰ ਐਸ਼ਟਨ ਅਗਰ ਨੇ ਕੇਐੱਲ ਰਾਹੁਲ ਨੂੰ ਡੇਵਿਡ ਵਾਰਨਰ ਦੇ ਹੱਥੋਂ ਕੈਚ ਕਰਵਾ ਕੇ ਇਸ ਸਾਂਝੇਦਾਰੀ ਨੂੰ ਤੋੜਿਆ । ਕੇਐੱਲ ਰਾਹੁਲ ਨੇ ਆਪਣੀ 31 ਗੇਂਦਾਂ ਦੀ ਪਾਰੀ ਵਿੱਚ ਤਿੰਨ ਛੱਕੇ ਅਤੇ ਦੋ ਚੌਕੇ ਲਗਾਏ ।
ਪਿਛਲੇ ਅਭਿਆਸ ਮੈਚ ਤੋਂ ਬਾਹਰ ਰਹੇ ਰੋਹਿਤ ਸ਼ਰਮਾ ਪੂਰੇ ਰੰਗ ਵਿੱਚ ਨਜ਼ਰ ਆਏ। ਰੋਹਿਤ ਨੇ ਮਾਰਕਸ ਸਟੋਇਨਿਸ ਦੀ ਗੇਂਦ ‘ਤੇ ਚੌਕਾ ਲਗਾ ਕੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਰੋਹਿਤ ਨੇ 41 ਗੇਂਦਾਂ ਦਾ ਸਾਹਮਣਾ ਕਰਦਿਆਂ ਪੰਜ ਚੌਕੇ ਅਤੇ ਤਿੰਨ ਛੱਕੇ ਲਗਾਏ। 15 ਓਵਰਾਂ ਦੇ ਖਤਮ ਹੋਣ ਤੋਂ ਬਾਅਦ, ਰੋਹਿਤ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ, ਤਾਂ ਜੋ ਦੂਜੇ ਬੱਲੇਬਾਜ਼ਾਂ ਨੂੰ ਅਭਿਆਸ ਕਰਨ ਦਾ ਮੌਕਾ ਮਿਲੇ ।
ਕੇਐੱਲ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਸੂਰਯਾਕੁਮਾਰ ਯਾਦਵ ਵੀ ਫਾਰਮ ਵਿੱਚ ਨਜ਼ਰ ਆਏ । ਸੂਰਿਯਾਕੁਮਾਰ ਨੇ 27 ਗੇਂਦਾਂ ਵਿੱਚ ਨਾਬਾਦ 38 ਦੌੜਾਂ ਬਣਾਈਆਂ, ਜਿਸ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ । ਇਸ ਤੋਂ ਇਲਾਵਾ ਹਾਰਦਿਕ ਪੰਡਯਾ ਨੇ ਵਧੀਆ ਪ੍ਰਦਰਸ਼ਨ ਕਰ ਕੇ ਫਾਰਮ ਵਿੱਚ ਵਾਪਸੀ ਦਾ ਸੰਕੇਤ ਦਿੱਤਾ।
ਇਹ ਵੀ ਪੜ੍ਹੋ: ਪੰਜਾਬ ਦੇ ਨੌਜਵਾਨਾਂ ਲਈ CM ਚੰਨੀ ਦਾ ਵੱਡਾ ਤੋਹਫ਼ਾ, ਦੋ ਮਹੀਨੇ ‘ਚ ਦੇਣਗੇ ਇੰਨੇ ਲੱਖ ਨੌਕਰੀਆਂ
ਉੱਥੇ ਹੀ ਦੂਜੇ ਪਾਸੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਉਸ ਨੇ 11 ਦੌੜਾਂ ਦੇ ਕੇ ਤਿੰਨ ਵਿਕਟਾਂ ਗੁਆ ਦਿੱਤੀਆਂ । ਡੇਵਿਡ ਵਾਰਨਰ ਨੇ ਇੱਕ, ਕਪਤਾਨ ਆਰੋਨ ਫਿੰਚ ਨੇ 8 ਅਤੇ ਮਿਸ਼ੇਲ ਮਾਰਸ਼ ਬਿਨ੍ਹਾਂ ਖਾਤਾ ਖੋਲ੍ਹੇ ਆਊਟ ਹੋ ਗਏ । ਇਸ ਤੋਂ ਇਲਾਵਾ ਗਲੇਨ ਮੈਕਸਵੈਲ (37) ਅਤੇ ਸਟੀਵ ਸਮਿਥ ਨੇ ਚੌਥੀ ਵਿਕਟ ਲਈ 61 ਦੌੜਾਂ ਜੋੜ ਕੇ ਆਸਟ੍ਰੇਲੀਆਈ ਪਾਰੀ ਨੂੰ ਸੰਭਾਲਿਆ। ਮੈਕਸਵੈੱਲ ਨੂੰ ਰਾਹੁਲ ਚਾਹਰ ਨੇ ਬੋਲਡ ਕਰ ਉਨ੍ਹਾਂ ਦੀ ਪਾਰੀ ਦਾ ਅੰਤ ਕੀਤਾ । ਮੈਕਸਵੈਲ ਦੇ ਆਊਟ ਹੋਣ ਤੋਂ ਬਾਅਦ ਸਮਿਥ ਅਤੇ ਮਾਰਕਸ ਸਟੋਇਨਿਸ ਨਾਲ ਮਿਲ ਕੇ ਟੀਮ ਨੂੰ ਇੱਕ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ।