ਨਵੀਂ ਦਿੱਲੀ- ਪੈਟਰੋਲ, ਡੀਜ਼ਲ ਕੀਮਤਾਂ ਹੁਣ ਨਵੀਂ ਰਿਕਾਰਡ ਉਚਾਈ ‘ਤੇ ਹਨ। ਪੈਟਰੋਲ ਅਤੇ ਡੀਜ਼ਲ ਕੀਮਤਾਂ ਵਿਚ ਅੱਜ 35-35 ਪੈਸੇ ਵਾਧਾ ਕੀਤਾ ਗਿਆ ਹੈ ਪਰ ਵੱਡੀ ਗੱਲ ਇਹ ਹੈ ਪਿਛਲੇ ਦੋ ਸਾਲਾਂ ਵਿਚ ਪੈਟਰੋਲ 34 ਰੁਪਏ ਅਤੇ ਡੀਜ਼ਲ 29.5 ਰੁਪਏ ਮਹਿੰਗਾ ਹੋ ਚੁੱਕਾ ਹੈ। ਪਹਿਲਾਂ ਭਾਰਤ ਵਿਚ ਕਦੇ ਇੰਨੀ ਤੇਜ਼ੀ ਨਾਲ ਪੈਟਰੋਲ, ਡੀਜ਼ਲ ਕੀਮਤਾਂ ਵਿਚ ਵਾਧਾ ਨਹੀਂ ਹੋਇਆ ਹੈ।
ਪੰਜਾਬ ਵਿਚ ਪੈਟਰੋਲ ਦੀ ਕੀਮਤ ਕਈ ਜਗ੍ਹਾ 108 ਰੁਪਏ ਤੋਂ ਪਾਰ ਹੋ ਗਈ ਹੈ। ਉੱਥੇ ਹੀ, ਡੀਜ਼ਲ ਨੂੰ ਲੈ ਕੇ 1-2 ਦਿਨਾਂ ਵਿਚ ਤਕੜਾ ਝਟਕਾ ਲੱਗ ਸਕਦਾ ਹੈ। ਪੰਜਾਬ ਵਿਚ ਡੀਜ਼ਲ ਦੀ ਕੀਮਤ 100 ਰੁਪਏ ਹੋ ਸਕਦੀ ਹੈ। ਸ਼ੁੱਕਰਵਾਰ ਨੂੰ ਡੀਜ਼ਲ ਦੀ ਕੀਮਤ 98 ਰੁਪਏ ਤੋਂ ਪਾਰ ਨਿਕਲ ਗਈ ਹੈ। ਉੱਧਰ ਮੁੰਬਈ ਵਿਚ ਤਾਂ ਡੀਜ਼ਲ 103.63 ਰੁਪਏ ਪ੍ਰਤੀ ਲਿਟਰ ਹੋ ਚੁੱਕਾ ਹੈ। ਤੇਲ ਕੰਪਨੀਆਂ ਪਿਛਲੇ ਮਹੀਨੇ ਤੋਂ ਲਗਭਗ ਰੋਜ਼ਾਨਾ ਕੀਮਤਾਂ ਵਧਾ ਰਹੀਆਂ ਹਨ, ਇਸ ਦੌਰਾਨ ਪੈਟਰੋਲ ਵਿਚ 5 ਰੁਪਏ ਅਤੇ ਡੀਜ਼ਲ ਵਿਚ 6 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।
ਲੁਧਿਆਣਾ ਸ਼ਹਿਰ ਵਿਚ ਪੈਟਰੋਲ ਦੀ ਕੀਮਤ 108.54 ਰੁਪਏ, ਜਦੋਂ ਕਿ ਡੀਜ਼ਲ ਦੀ 98.37 ਰੁਪਏ ਪ੍ਰਤੀ ਲਿਟਰ ਦਰਜ ਕੀਤੀ ਗਈ। ਜਲੰਧਰ ਵਿਚ ਪੈਟਰੋਲ ਅੱਜ 107.86 ਰੁਪਏ ਅਤੇ ਡੀਜ਼ਲ ਦੀ 97.76 ਰੁਪਏ ਪ੍ਰਤੀ ਲਿਟਰ ਹੈ। ਉੱਥੇ ਹੀ, ਅੰਮ੍ਰਿਤਸਰ ਵਿਚ ਪੈਟਰੋਲ 108.60 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ ਤਾਂ ਉੱਧਰ ਡੀਜ਼ਲ ਦੀ ਕੀਮਤ 98.44 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਈ ਹੈ।
ਉੱਥੇ ਹੀ, ਮੋਹਾਲੀ ਵਿਚ ਪੈਟਰੋਲ ਦੀ ਕੀਮਤ 108.97 ਰੁਪਏ ਅਤੇ ਡੀਜ਼ਲ ਦੀ 98.77 ਰੁਪਏ ਪ੍ਰਤੀ ਲਿਟਰ ਤੇ ਪਹੁੰਚ ਗਈ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪੈਟਰੋਲ ਦੀ ਕੀਮਤ ਹੁਣ 106.89 ਰੁਪਏ ਪ੍ਰਤੀ ਲਿਟਰ ਦੀ ਨਵੀਂ ਤੇ ਪਹੁੰਚ ਗਈ ਹੈ, ਡੀਜ਼ਲ 95.62 ਰੁਪਏ ਪ੍ਰਤੀ ਲਿਟਰ ਹੈ। ਗੌਰਤਲਬ ਹੈ ਕਿ ਇਕ ਸਾਲ ਵਿਚ ਗਲੋਬਲ ਪੱਧਰ ‘ਤੇ ਕੱਚੇ ਤੇਲ ਦੀ ਕੀਮਤ ਦੁੱਗਣੀ ਹੋ ਗਈ ਹੈ, ਜਿਸ ਵਜ੍ਹਾ ਨਾਲ ਇੱਥੇ ਵੀ ਪੈਟਰੋਲ, ਡੀਜ਼ਲ ਮਹਿੰਗੇ ਹੋਏ ਹਨ। ਹਾਲਾਂਕਿ, ਇਸ ਵਿਚਕਾਰ ਨਾ ਤਾਂ ਹਾਲੇ ਤੱਕ ਕੇਂਦਰ ਅਤੇ ਨਾ ਹੀ ਸੂਬਾ ਸਰਕਾਰਾਂ ਟੈਕਸ ਵਿਚ ਕਟੌਤੀ ਕਰਕੇ ਰਾਹਤ ਦੇਣ ਦੇ ਮੂਡ ਵਿਚ ਹਨ। ਮੌਜੂਦਾ ਸਮੇਂ ਬ੍ਰੈਂਟ ਕੱਚਾ ਤੇਲ 82 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: