ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਿਧਾਰਥਨਗਰ ਤੋਂ 9 ਮੈਡੀਕਲ ਕਾਲਜਾਂ ਦਾ ਉਦਘਾਟਨ ਕੀਤਾ ਸੀ। ਉਨ੍ਹਾਂ ਨੇ ਸਿਧਾਰਥਨਗਰ ਵਿਖੇ ਮੈਡੀਕਲ ਕਾਲਜ ਦੇ ਨਾਲ-ਨਾਲ ਏਟਾ, ਹਰਦੋਈ, ਪ੍ਰਤਾਪਗੜ੍ਹ, ਫਤਿਹਪੁਰ, ਦੇਵਰੀਆ, ਗਾਜ਼ੀਪੁਰ, ਮਿਰਜ਼ਾਪੁਰ ਅਤੇ ਜੌਨਪੁਰ ਦੇ ਕਾਲਜਾਂ ਦਾ ਉਦਘਾਟਨ ਵੀ ਕੀਤਾ ਸੀ।
ਇਸ ਦੌਰਾਨ ਇਨ੍ਹਾਂ 9 ਮੈਡੀਕਲ ਕਾਲਜਾਂ ‘ਚੋਂ 7 ਕਾਲਜਾਂ ਦੀ ਕੀ ਸਥਿਤੀ ਹੈ ਆਓ ਜਾਣਦੇ ਹਾਂ – ਜੌਨਪੁਰ – ਕੰਮ ਪੂਰਾ ਹੋਣ ‘ਚ ਲੱਗਣਗੇ 2-3 ਸਾਲ – 554 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਮੈਡੀਕਲ ਕਾਲਜ ਨੂੰ ਹੁਣ ਤੱਕ 300 ਕਰੋੜ ਰੁਪਏ ਮਿਲ ਚੁੱਕੇ ਹਨ। ਇਸ ਮੈਡੀਕਲ ਕਾਲਜ ਦਾ ਨੀਂਹ ਪੱਥਰ ਤਤਕਾਲੀ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 2014 ਵਿੱਚ ਰੱਖਿਆ ਸੀ। 25 ਅਕਤੂਬਰ ਨੂੰ ਪੀਐਮ ਮੋਦੀ ਨੇ ਇਸ ਦਾ ਉਦਘਾਟਨ ਕੀਤਾ ਸੀ, ਪਰ ਇਸ ਦਾ ਕੰਮ ਅਜੇ ਅਧੂਰਾ ਹੈ, ਜਿਸ ਨੂੰ ਪੂਰਾ ਹੋਣ ਵਿੱਚ 2 ਤੋਂ 3 ਸਾਲ ਹੋਰ ਲੱਗਣਗੇ। ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਸ਼ਿਵ ਕੁਮਾਰ ਨੇ ਦੱਸਿਆ ਕਿ ਕਲਾਸ ਰੂਮ, ਲਾਇਬ੍ਰੇਰੀ ਅਤੇ ਹੋਸਟਲ ਤਿਆਰ ਹੈ। ਉੱਚ ਅਹੁਦਿਆਂ ‘ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਕਮਿਸ਼ਨ 70 ਤੋਂ 75 ਅਸਾਮੀਆਂ ‘ਤੇ ਨਿਯੁਕਤੀਆਂ ਕਰੇਗਾ। ਉਨ੍ਹਾਂ ਦੱਸਿਆ ਕਿ NEET ਦੀ ਪ੍ਰੀਖਿਆ ਹੋ ਚੁੱਕੀ ਹੈ ਅਤੇ ਨਤੀਜੇ ਆਉਣ ਦੇ ਨਾਲ ਹੀ 100 ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ।
ਦੇਵਰੀਆ – ਕਾਲਜ ਦਾ 80 ਫੀਸਦੀ ਕੰਮ ਪੂਰਾ – ਦੇਵਰੀਆ ਵਿੱਚ ਮਹਾਰਿਸ਼ੀ ਦੇਵਰਹਾ ਬਾਬਾ ਮੈਡੀਕਲ ਕਾਲਜ ਨੂੰ ਜ਼ਿਲਾ ਹਸਪਤਾਲ ਨਾਲ ਜੋੜ ਕੇ ਮੈਡੀਕਲ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। NEET ਦਾ ਨਤੀਜਾ ਆਉਣ ਤੋਂ ਬਾਅਦ, ਕਾਉਂਸਲਿੰਗ ਤੋਂ ਬਾਅਦ, 100 ਸੀਟਾਂ ‘ਤੇ ਦਾਖਲਾ ਹੋਵੇਗਾ ਅਤੇ MBBS ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ। 208 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਇਸ ਮੈਡੀਕਲ ਕਾਲਜ ਦਾ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ: ਆਨੰਦ ਮੋਹਨ ਵਰਮਾ ਨੇ ਦੱਸਿਆ ਕਿ ਇੱਥੇ ਨਿਰਧਾਰਿਤ ਮਿਆਰ ਅਨੁਸਾਰ 50 ਪੀਜੀ ਰੈਜ਼ੀਡੈਂਟ, 24 ਸੀਨੀਅਰ ਰੈਜ਼ੀਡੈਂਟਾਂ ‘ਚੋਂ 21 ਰੈਜ਼ੀਡੈਂਟ ਨਿਯੁਕਤ ਕੀਤੇ ਗਏ ਹਨ, ਜੋ ਕਿ ਡਿਊਟੀ ਕਰ ਰਹੇ ਹਨ।
ਮਿਰਜ਼ਾਪੁਰ – ਬਿਜਲੀ ਸਪਲਾਈ ਅਜੇ ਵੀ ਅਧੂਰੀ – ਮਿਰਜ਼ਾਪੁਰ ‘ਚ ਮਾਂ ਵਿੰਧਿਆਵਾਸਨੀ ਆਟੋਨੋਮਸ ਸਟੇਟ ਮੈਡੀਕਲ ਕਾਲਜ (Maa Vindhyavasini Autonomous State Medical College) ਦੇ ਨਾਮ ‘ਤੇ ਮੈਡੀਕਲ ਕਾਲਜ ਬਣਾਇਆ ਗਿਆ ਹੈ। ਇੱਥੇ ਬਿਜਲੀ 24 ਘੰਟੇ ਹੋਣੀ ਚਾਹੀਦੀ ਹੈ ਪਰ ਫਿਰ ਵੀ ਬਿਜਲੀ ਸਪਲਾਈ ਦਾ ਕੰਮ ਅਧੂਰਾ ਹੈ। ਇਮਾਰਤ ਦਾ ਕੰਮ ਪੂਰਾ ਹੋ ਚੁੱਕਾ ਹੈ। 15 ਛੋਟੀਆਂ-ਵੱਡੀਆਂ ਇਮਾਰਤਾਂ ਬਣਾਈਆਂ ਗਈਆਂ ਹਨ। ਇਹ ਮੈਡੀਕਲ ਕਾਲਜ 232.97 ਕਰੋੜ ਰੁਪਏ ਦੀ ਲਾਗਤ ਨਾਲ 30.56 ਏਕੜ ਵਿੱਚ ਬਣਿਆ ਹੈ। ਇੱਥੇ 100 ਸੀਟਾਂ MBBS ਲਈ ਹੋਣਗੀਆਂ। ਮੈਡੀਕਲ ਕਾਲਜ ਵਿੱਚ ਪ੍ਰੋਫੈਸਰਾਂ ਅਤੇ ਸਟਾਫ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰੋਫੈਸਰ ਮਿਰਜ਼ਾ ਰਸ਼ੀਦ ਨੇ ਦੱਸਿਆ ਕਿ 50 ਫੈਕਲਟੀਆਂ ਦੀ ਲੋੜ ਹੈ, ਜਿਨ੍ਹਾਂ ਵਿੱਚੋਂ 45-46 ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ।
ਹਰਦੋਈ – ਕਾਲਜ ਕੈਂਪਸ ਤੋਂ 10 ਕਿਲੋਮੀਟਰ ਦੂਰ ਹੋਵੇਗਾ ਇਲਾਜ – 206 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇਸ ਮੈਡੀਕਲ ਕਾਲਜ ਦਾ 90 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਫੈਕਲਟੀ ਨਿਯੁਕਤ ਕੀਤਾ ਗਿਆ ਹੈ। ਜੂਨੀਅਰ ਤੋਂ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਦੀਆਂ ਅਸਾਮੀਆਂ ਵੀ ਭਰੀਆਂ ਗਈਆਂ ਹਨ। ਇੱਥੇ ਮਰੀਜ਼ਾਂ ਦਾ ਇਲਾਜ ਕਾਲਜ ਕੈਂਪਸ ਤੋਂ 10 ਕਿਲੋਮੀਟਰ ਦੂਰ ਜ਼ਿਲ੍ਹਾ ਹਸਪਤਾਲ ਵਿੱਚ ਕੀਤਾ ਜਾਵੇਗਾ। ਜ਼ਿਲ੍ਹਾ ਹਸਪਤਾਲ ਵਿੱਚ ਹੀ ਮੈਡੀਕਲ ਕਾਲਜ ਦੀ 9 ਮੰਜ਼ਿਲਾ ਇਮਾਰਤ ਅਤੇ ਓਪੀਡੀ ਬਣ ਰਹੀ ਹੈ, ਜਿਸ ਦੀ ਪਹਿਲੀ ਮੰਜ਼ਿਲ ਅਜੇ ਤੱਕ ਨਹੀਂ ਬਣੀ।
ਪ੍ਰਤਾਪਗੜ੍ਹ – ਬਿਲਡਿੰਗ ਅੱਧੀ-ਅਧੂਰੀ, ਸੜਕ ਵੀ ਨਹੀਂ ਬਣੀ – ਪ੍ਰਤਾਪਗੜ੍ਹ ‘ਚ ਸੋਨੇਲਾਲ ਪਟੇਲ ਦੇ ਨਾਂ ‘ਤੇ ਮੈਡੀਕਲ ਕਾਲਜ ਬਣ ਰਿਹਾ ਹੈ। ਇਸ ਦਾ ਉਦਘਾਟਨ ਹੋ ਚੁੱਕਾ ਹੈ ਪਰ ਇਸ ਦੀ ਇਮਾਰਤ ਅਜੇ ਅੱਧੀ-ਅਧੂਰੀ ਹੈ। ਮੁੱਖ ਮਾਰਗ ਤੋਂ ਕਾਲਜ ਨੂੰ ਜਾਂਦੀ ਸੜਕ ਦਾ ਨਿਰਮਾਣ ਵੀ ਨਹੀਂ ਕੀਤਾ ਗਿਆ ਹੈ। ਮੈਡੀਕਲ ਸਿੱਖਿਆ ਮੰਤਰੀ ਸੁਰੇਸ਼ ਖੰਨਾ ਨੇ ਦੱਸਿਆ ਕਿ ਇੱਥੇ 345 ਬੈੱਡ ਹੋਣਗੇ, ਜਿਨ੍ਹਾਂ ਵਿੱਚੋਂ 20 ਆਈਸੀਯੂ ਬੈੱਡ ਹੋਣਗੇ। ਉਨ੍ਹਾਂ ਦੱਸਿਆ ਕਿ ਜਲਦੀ ਹੀ ਕਾਲਜ ਵਿੱਚ ਓ.ਪੀ.ਡੀ ਸ਼ੁਰੂ ਹੋ ਜਾਵੇਗੀ।
ਏਟਾ – ਓਪੀਡੀ ਸ਼ੁਰੂ, ਪਰ ਇਮਾਰਤ ਪੂਰੀ ਨਹੀਂ ਬਣੀ – 300 ਬੈੱਡ ਵਾਲੇ ਇਸ ਮੈਡੀਕਲ ਕਾਲਜ ਵਿੱਚ ਜ਼ਿਲ੍ਹਾ ਹਸਪਤਾਲ ਵਿੱਚ 100 ਬੈੱਡ ਦੀ ਓਪੀਡੀ ਸੇਵਾ ਸ਼ੁਰੂ ਕੀਤੀ ਗਈ ਹੈ, ਪਰ ਇਸ ਦੀ ਇਮਾਰਤ ਅਜੇ ਤੱਕ ਮੁਕੰਮਲ ਨਹੀਂ ਹੋਈ। ਐਮਬੀਬੀਐਸ ਦੇ ਵਿਦਿਆਰਥੀਆਂ ਲਈ ਲੈਕਚਰ ਰੂਮ, ਰੈਜ਼ੀਡੈਂਟ ਡਾਕਟਰਾਂ ਅਤੇ ਪ੍ਰੋਫੈਸਰਾਂ ਲਈ ਰਿਹਾਇਸ਼ ਵੀ ਲਗਭਗ ਤਿਆਰ ਹੈ ਪਰ ਜ਼ਿਲ੍ਹਾ ਹਸਪਤਾਲ ਵਿੱਚ ਬਣ ਰਹੇ ਟਰਾਮਾ ਸੈਂਟਰ ਦਾ ਨਿਰਮਾਣ ਅਜੇ ਚੱਲ ਰਿਹਾ ਹੈ ਅਤੇ ਇਸ ਨੂੰ ਪੂਰੀ ਤਰ੍ਹਾਂ ਤਿਆਰ ਹੋਣ ਵਿੱਚ ਜੁਲਾਈ-ਅਗਸਤ 2022 ਤੱਕ ਦਾ ਸਮਾਂ ਲੱਗੇਗਾ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਅਤੇ ਡੀਨ ਪ੍ਰੋਫੈਸਰ ਰਾਜੇਸ਼ ਗੁਪਤਾ ਨੇ ਦੱਸਿਆ ਕਿ ਮੈਡੀਕਲ ਕਾਲਜ ਲਗਪਗ ਤਿਆਰ ਹੈ, ਸਿਰਫ਼ ਫਾਈਨਲ ਛੋਹ ਬਾਕੀ ਹੈ। ਉਨ੍ਹਾਂ ਕਿਹਾ ਕਿ NEET ਦੀ ਕਾਊਂਸਲਿੰਗ ਤੋਂ ਬਾਅਦ 100 ਵਿਦਿਆਰਥੀਆਂ ਨੂੰ ਅਲਾਟ ਕੀਤਾ ਜਾਵੇਗਾ, ਜਿਸ ਤੋਂ ਬਾਅਦ ਉਨ੍ਹਾਂ ਦੀ ਪੜ੍ਹਾਈ ਸ਼ੁਰੂ ਹੋ ਜਾਵੇਗੀ।ਫਤਿਹਪੁਰ – ਅਜੇ ਤੱਕ ਪੂਰੀ ਤਰ੍ਹਾਂ ਨਹੀਂ ਬਣਿਆ ਕਾਲਜ – ਫਤਿਹਪੁਰ ਜ਼ਿਲ੍ਹੇ ਵਿੱਚ ਅਮਰ ਸ਼ਹੀਦ ਜੋਧਾ ਸਿੰਘ ਅਤੈਯਾ ਠਾਕੁਰ ਦਰਿਆਵ ਸਿੰਘ ਮੈਡੀਕਲ ਕਾਲਜ ਦਾ ਕੰਮ ਮਾਰਚ 2021 ਤੱਕ ਪੂਰਾ ਹੋਣਾ ਸੀ, ਪਰ ਅਜੇ ਤੱਕ ਪੂਰੀ ਤਰ੍ਹਾਂ ਪੂਰਾ ਨਹੀਂ ਹੋਇਆ। ਇਹ ਮੈਡੀਕਲ ਕਾਲਜ ਸ਼ਹਿਰ ਤੋਂ ਅੱਠ ਕਿਲੋਮੀਟਰ ਦੂਰ ਨੈਸ਼ਨਲ ਹਾਈਵੇ 2 ’ਤੇ ਸਥਿਤ ਪਿੰਡ ਅਲੀਪੁਰ ਨੇੜੇ ਬਣਾਇਆ ਗਿਆ ਹੈ। ਇਮਾਰਤ ਦੇ ਅੰਦਰ ਅਤੇ ਬਾਹਰ ਫਿਨਿਸ਼ਿੰਗ ਦਾ ਕੰਮ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚੇ ਸੰਗਰੂਰ
ਯੂਪੀ ਸਰਕਾਰ ਵਿੱਚ ਕੈਬਨਿਟ ਮੰਤਰੀ ਰਾਮਨਰੇਸ਼ ਅਗਨੀਹੋਤਰੀ ਨੇ ਦਾਅਵਾ ਕੀਤਾ ਹੈ ਕਿ ਮੈਡੀਕਲ ਕਾਲਜ ਪੂਰੀ ਤਰ੍ਹਾਂ ਖੋਲ੍ਹਿਆ ਗਿਆ ਹੈ, ਇਹ ਸਿਰਫ਼ ਇੱਕ ਛੋਟਾ ਜਿਹਾ ਕੰਮ ਹੈ ਜੋ ਹੁੰਦਾ ਰਹੇਗਾ। ਇਸ ਦੇ ਨਾਲ ਹੀ ਕਾਲਜ ਦੇ ਪ੍ਰਿੰਸੀਪਲ ਆਰ.ਪੀ.ਸਿੰਘ ਨੇ ਦੱਸਿਆ ਕਿ ਇਸ ਸਾਲ ਐਮਬੀਬੀਐਸ ਦੀਆਂ 100 ਸੀਟਾਂ ਮਿਲਣਗੀਆਂ।
ਵੀਡੀਓ ਲਈ ਕਲਿੱਕ ਕਰੋ -: