ਪੈਟਰੋਲ-ਡੀਜ਼ਲ ਕੀਮਤਾਂ ਵਿੱਚ ਲਗਾਤਾਰ ਵਾਧਾ ਜਾਰੀ ਹੈ। ਇਸ ਵਿਚਕਾਰ ਪੰਜਾਬ ਵਿੱਚ ਹੁਣ ਡੀਜ਼ਲ ਦੀ ਕੀਮਤ ਵੀ 100 ਰੁਪਏ ਤੋਂ ਪਾਰ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਅੱਜ ਪੈਟਰੋਲ-ਡੀਜ਼ਲ ਕੀਮਤਾਂ ਵਿੱਚ 35-35 ਪੈਸੇ ਦਾ ਵਾਧਾ ਕੀਤਾ ਹੈ।
ਪਠਾਨਕੋਟ ਵਿੱਚ ਡੀਜ਼ਲ ਦੀ ਕੀਮਤ 100.18 ਰੁਪਏ ਪ੍ਰਤੀ ਲਿਟਰ ਹੋ ਗਈ ਹੈ, ਪੈਟਰੋਲ ਇੱਥੇ 110.34 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਚੁੱਕਾ ਹੈ। ਇਸ ਤੋਂ ਇਲਾਵਾ ਗੁਰਦਾਸਪੁਰ ਵਿਚ ਡੀਜ਼ਲ 100 ਰੁਪਏ ਲਿਟਰ ਹੋ ਗਿਆ ਹੈ। ਸੀ. ਐੱਮ. ਚੰਨੀ ਦੇ ਰਾਜ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਪੰਜਾਬ ਵਿੱਚ ਡੀਜ਼ਲ ਦੀ ਕੀਮਤ 100 ਰੁਪਏ ਹੋਈ ਹੈ।
ਉੱਥੇ ਹੀ, ਜਲੰਧਰ ਅਤੇ ਲੁਧਿਆਣਾ ਵਿੱਚ ਡੀਜ਼ਲ ਕ੍ਰਮਵਾਰ 99.17 ਰੁਪਏ ਅਤੇ 99.78 ਰੁਪਏ ਪ੍ਰਤੀ ਲਿਟਰ ‘ਤੇ ਪਹੁੰਚ ਗਿਆ ਹੈ। ਇਸ ਹਿਸਾਬ ਨਾਲ ਇੱਕ-ਦੋ ਦਿਨਾਂ ਵਿੱਚ ਪੰਜਾਬ ਭਰ ਵਿੱਚ ਡੀਜ਼ਲ 100 ਰੁਪਏ ਹੋਣ ਵਾਲਾ ਹੈ। ਇਸ ਦਾ ਸਭ ਤੋਂ ਵੱਧ ਝਟਕਾ ਕਿਸਾਨਾਂ ਤੇ ਛੋਟੇ ਵਪਾਰੀਆਂ ਨੂੰ ਲੱਗੇਗਾ। ਟਰਾਂਸਪੋਰਟ ਸਰਵਿਸ ਵੀ ਮਹਿੰਗੀ ਹੋ ਸਕਦੀ ਹੈ।
ਪੈਟਰੋਲ-ਡੀਜ਼ਲ ਕੀਮਤਾਂ ‘ਤੇ ਕੇਂਦਰੀ ਅਤੇ ਸੂਬਾ ਪੱਧਰੀ ਟੈਕਸਾਂ ਕਾਰਨ ਲੋਕਾਂ ਨੂੰ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਤੱਕ ਨਾ ਤਾਂ ਮੋਦੀ ਸਰਕਾਰ ਅਤੇ ਨਾ ਹੀ ਸੀ. ਐੱਮ. ਚੰਨੀ ਸਰਕਾਰ ਨੇ ਲੋਕਾਂ ਨੂੰ ਰਾਹਤ ਦੇਣ ਲਈ ਕੋਈ ਕਦਮ ਚੁੱਕਿਆ ਹੈ। ਪੰਜਾਬ ਪੈਟਰੋਲੀਅਮ ਡੀਲਰ ਸੰਗਠਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਉਹ 7 ਨਵੰਬਰ ਤੋਂ 21 ਨਵੰਬਰ ਤੱਕ ਸੂਬੇ ਭਰ ਵਿਚ ਸ਼ਾਮ ਪੰਜ ਵਜੇ ਤੋਂ ਬਾਅਦ ਪੰਪ ਨਹੀਂ ਖੋਲ੍ਹਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸੂਬੇ ਵਿਚ ਵੱਧ ਵੈਟ ਹੋਣ ਕਾਰਨ ਵਿਕਰੀ ਘੱਟ ਗਈ ਹੈ। ਗੌਰਤਲਬ ਹੈ ਇਸ ਸਮੇਂ ਪੈਟਰੋਲ ‘ਤੇ 32.90 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ‘ਤੇ 31.80 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਹੈ। ਇਸ ਤੋਂ ਇਲਾਵਾ ਸੂਬਿਆਂ ਵਿਚ ਵੈਟ ਦੀ ਦਰ ਵੱਖ-ਵੱਖ ਹੈ।
ਵੀਡੀਓ ਲਈ ਕਲਿੱਕ ਕਰੋ -: