ਪੰਜਾਬ ਮੰਤਰੀ ਮੰਡਲ ਨੇ ਅੱਜ ਕਈ ਫ਼ੈਸਲੇ ਲਏ ਹਨ। ਇਸ ਵਿਚਕਾਰ ਰੇਤ ਸਸਤੀ ਕਰ ਦਿੱਤੀ ਗਈ ਹੈ। ਹੁਣ ਖੱਡ ਵਿੱਚੋਂ 5.50 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗੀ। ਇਸ ਦੇ ਨਾਲ ਹੀ ਸੀ. ਐੱਮ. ਨੇ ਕਹਿ ਦਿੱਤਾ ਹੈ ਕਿ ਜੇ ਕਿਸੇ ਨੇ ਮਹਿੰਗੀ ਰੇਤ ਵੇਚੀ ਤਾਂ ਕਾਰਵਾਈ ਕਰਾਂਗੇ। ਹੁਣ ਤੱਕ ਦੇ ਵੱਡੇ ਮਸਿਲਆਂ ਵਿਚੋਂ ਰੇਤਾ ਦਾ ਮੁੱਦਾ ਵੀ ਇਕ ਸੀ। ਪਿੰਡ ਹੋਣ ਜਾਂ ਸ਼ਹਿਰ ਲੋਕ ਮਹਿੰਗੀ ਰੇਤਾ ਕਾਰਨ ਕਾਫ਼ੀ ਅੱਕੇ ਹੋਏ ਸਨ। ਪਹਿਲਾਂ ਸਰਕਾਰੀ ਰੇਟ 9 ਰੁਪਏ ਪ੍ਰਤੀ ਫੁੱਟ ਸੀ। ਮੁੱਖ ਮੰਤਰੀ ਨੇ ਕਿਹਾ 31 ਮਾਰਚ ਤੋਂ ਬਾਅਦ ਹੋਰ ਸਸਤੀ ਕਰਾਂਗੇ।
ਇਸ ਦੇ ਨਾਲ ਹੀ ਇੱਟਾਂ ਵਾਲੇ ਭੱਠੇ ਮਾਈਨਿੰਗ ਪਾਲਿਸੀ ਤੋਂ ਬਾਹਰ ਕਰ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਸੀ. ਐੱਮ. ਚੰਨੀ ਨੇ ਬਿਜਲੀ 3 ਰੁਪਏ ਸਸਤੀ ਕੀਤੀ ਸੀ ਅਤੇ ਹਾਲ ਹੀ ਵਿੱਚ ਪੈਟਰੋਲ, ਡੀਜ਼ਲ ਕੀਮਤਾਂ ਵਿੱਚ 10 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ। ਬੀਤੇ ਦਿਨ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਸੀ ਕਿ 9 ਨਵੰਬਰ 2021 ਨੂੰ ਵੱਡੇ ਮਸਲੇ ਦਾ ਹੱਲ ਕੀਤਾ ਜਾਵੇਗਾ।
ਹੁਣ ਸਭ ਕੁਝ ਪਾ ਕੇ ਲੋਕਾਂ ਨੂੰ ਰੇਤ 5 ਰੁਪਏ 50 ਪੈਸੇ ਪ੍ਰਤੀ ਫੁੱਟ ਦੇ ਹਿਸਾਬ ਨਾਲ ਮਿਲੇਗੀ, ਇਸ ਤੋਂ ਵੱਧ ਮੁੱਲ ਲੈਣ ਵਾਲੇ ‘ਤੇ ਕਾਰਵਾਈ ਹੋਵੇਗੀ। ਗੌਰਤਲਬ ਹੈ ਕਿ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਮੁੱਖ ਮੰਤਰੀ ਚੰਨੀ ਸਰਕਾਰ ਤਾਬੜ-ਤੋੜ ਫੈਸਲੇ ਲੈ ਰਹੀ ਹੈ। ਵਿਧਾਨ ਸਭਾ ਚੋਣਾਂ ਵਿੱਚ ਹੁਣ ਕੁਝ ਹੀ ਮਹੀਨੇ ਬਾਕੀ ਹਨ ਅਤੇ ਫਿਰ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਇਸ ਲਈ ਇਸ ਤੋਂ ਪਹਿਲਾਂ-ਪਹਿਲਾਂ ਸਰਕਾਰ ਜਲਦੀ-ਜਲਦੀ ਲੋਕ-ਪੱਖੀ ਫ਼ੈਸਲੇ ਲੈ ਰਹੀ ਹੈ।