ਕੰਨੂਰ-ਬੈਂਗਲੁਰੂ ਐਕਸਪ੍ਰੈਸ ਦੇ ਪੰਜ ਡੱਬੇ ਅੱਜ ਤੜਕੇ 3.50 ਵਜੇ ਦੇ ਕਰੀਬ ਪਟੜੀ ਤੋਂ ਉਤਰ ਗਏ। ਇਹ ਹਾਦਸਾ ਬੇਂਗਲੁਰੂ ਡਿਵੀਜ਼ਨ ਦੇ ਟੋਪਪੁਰੂ-ਸਿਵਡੀ ‘ਚ ਪਹਾੜ ਤੋਂ ਵੱਡੇ ਪੱਥਰ ਡਿੱਗਣ ਕਾਰਨ ਵਾਪਰਿਆ ਹੈ।
ਦੱਖਣੀ ਪੱਛਮੀ ਰੇਲਵੇ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਟਰੇਨ ‘ਚ 2,348 ਯਾਤਰੀ ਸਵਾਰ ਸਨ। ਸਾਰੇ ਯਾਤਰੀ ਸੁਰੱਖਿਅਤ ਹਨ ਅਤੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਕੰਨੂਰ-ਬੈਂਗਲੁਰੂ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਤੋਂ ਬਾਅਦ, ਇਸ ਰੂਟ ਤੋਂ ਲੰਘਣ ਵਾਲੀਆਂ ਕੁੱਝ ਟਰੇਨਾਂ ਨੂੰ ਮੋੜ ਦਿੱਤਾ ਗਿਆ ਹੈ। ਟਰੇਨ ਕੱਲ ਸ਼ਾਮ ਕਰੀਬ 6 ਵਜੇ ਕੰਨੂਰ ਤੋਂ ਰਵਾਨਾ ਹੋਈ ਸੀ। ਦੱਖਣੀ ਪੱਛਮੀ ਰੇਲਵੇ ਮੁਤਾਬਿਕ ਇਹ ਹਾਦਸਾ ਸਵੇਰੇ 3.50 ਵਜੇ ਵਾਪਰਿਆ। ਟੋਪਪੁਰੂ-ਸਿਵਡੀ ਘਾਟ ਸੈਕਸ਼ਨ ‘ਤੇ ਕੁੱਝ ਪੱਥਰ ਅਚਾਨਕ ਡਿੱਗ ਗਏ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਡੱਬਿਆਂ ਨੂੰ ਕੱਢਣ ਲਈ ਟਰੈਕ ਦੀ ਮੁਰੰਮਤ ਦਾ ਕੰਮ ਕੀਤਾ ਜਾ ਰਿਹਾ ਹੈ।
ਹਾਦਸੇ ਤੋਂ ਬਾਅਦ ਬੇਂਗਲੁਰੂ ਦੇ ਡੀਆਰਐਮ ਸ਼ਿਆਮ ਸਿੰਘ ਸੀਨੀਅਰ ਅਧਿਕਾਰੀਆਂ, ਡਾਕਟਰਾਂ ਦੀ ਡਵੀਜ਼ਨਲ ਟੀਮ ਅਤੇ ਦੁਰਘਟਨਾ ਰਾਹਤ ਰੇਲ ਗੱਡੀ ਤੁਰੰਤ ਮੌਕੇ ‘ਤੇ ਪਹੁੰਚ ਗਈ। ਸਲੇਮ ਦੇ ਡੀਆਰਐਮ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ। ਰੇਲਵੇ ਦੇ ਸੀਨੀਅਰ ਅਧਿਕਾਰੀ ਸਥਿਤੀ ‘ਤੇ ਨਜ਼ਰ ਰੱਖ ਰਹੇ ਹਨ। ਫਸੇ ਯਾਤਰੀਆਂ ਲਈ ਪਾਣੀ ਅਤੇ ਹੋਰ ਪ੍ਰਬੰਧ ਕੀਤੇ ਗਏ ਹਨ। ਰੇਲਵੇ ਵੱਲੋਂ ਹੈਲਪ ਡੈਸਕ- ਹੋਸਰ- 04344-222603, ਬੈਂਗਲੁਰੂ- 080-22156554 ਅਤੇ ਧਰਮਪੁਰੀ- 04342-232111 ਸ਼ੁਰੂ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: