ਸੋਮਵਾਰ ਨੂੰ ਦੇਸ਼ ਦਾ ਪਹਿਲਾ ਵਰਲਡ ਕਲਾਸ ਨਿੱਜੀ ਰੇਲਵੇ ਸਟੇਸ਼ਨ ਖੁੱਲ੍ਹਣ ਜਾ ਰਿਹਾ ਹੈ। ਇਹ ਭੋਪਾਲ ਦਾ ਹਬੀਬਗੰਜ ਰੇਲਵੇ ਸਟੇਸ਼ਨ ਹੋਵੇਗਾ, ਜਿਸ ਵਿਚ ਉਹ ਹਰ ਸਹੂਲਤ ਮਿਲੇਗੀ, ਜੋ ਕਿਸੇ ਕੌਮਾਂਤਰੀ ਏਅਰਪੋਰਟ ‘ਤੇ ਮਿਲਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਨਵੰਬਰ ਨੂੰ ਹਬੀਬਗੰਜ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨਗੇ। ਹੋਰਨਾਂ ਭਾਰਤੀ ਰੇਲਵੇ ਸਟੇਸ਼ਨਾਂ ਦੇ ਭੀੜ-ਭੜੱਕੇ ਤੋਂ ਹਟ ਕੇ ਭੋਪਾਲ ਦਾ ਹਬੀਬਗੰਜ ਸਟੇਸ਼ਨ ਬਿਲਕੁਲ ਵੱਖਰਾ ਹੋਵੇਗਾ।
ਹਬੀਬਗੰਜ ਸਟੇਸ਼ਨ ਜਰਮਨੀ ਦੇ ਹੇਡਲਬਰਗ ਰੇਲਵੇ ਸਟੇਸ਼ਨ ਦੀ ਤਰਜ ‘ਤੇ ਤਿਆਰ ਕੀਤਾ ਗਿਆ ਹੈ, ਇਥੇ ਇੱਕ ਤੋਂ ਵਧ ਕੇ ਇੱਕ ਦੁਕਾਨਾਂ ਹਨ। ਹਬੀਬਗੰਜ ਦਾ ਰੀ-ਡਿਵੈਲਪਮੈਂਟ ਪ੍ਰਾਜੈਕਟ ਪੂਰਾ ਹੋ ਗਿਆ ਹੈ ਤੇ ਹੁਣ ਇਸ ਦਾ ਉਦਘਾਟਨ ਹੋਣਾ ਹੈ।
ਹਬੀਬਗੰਜ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਨੂੰ ਸ਼ਾਪਿੰਗ ਕੰਪਲੈਕਸ, ਹਸਪਤਾਲ, ਮਾਲ, ਸਮਾਰਟ ਪਾਰਕਿੰਗ, ਹਾਈ ਸਕਿਓਰਿਟੀ ਸਣੇ ਸਾਰੀਆਂ ਆਧੁਨਿਕ ਸਹੂਲਤਾਂ ਮਿਲਣਗੀਆਂ। ਇਹ ਦੇਸ਼ ਦਾ ਪਹਿਲਾ ISO-9001 ਸਰਟੀਫਾਈਡ ਰੇਲਵੇ ਸਟੇਸ਼ਨ ਹੈ। ਰੇਲਵੇ ਪਲੇਟਫਾਰਮ ਤੱਕ ਪਹੁੰਚਣ ਵਾਲੇ ਯਾਤਰੀ ਸਟੇਸ਼ਨ ‘ਤੇ ਲਿਫਟ ਰਾਹੀਂ ਪਹੁੰਚ ਸਕਦੇ ਹਨ।
ਇਹ ਸਟੇਸ਼ਨ ਬਾਂਸਲ ਗਰੁੱਪ ਨਾਂ ਦੀ ਨਿੱਜੀ ਕੰਪਨੀ ਵੱਲੋਂ ਤਿਆਰ ਕੀਤਾ ਗਿਆ ਹੈ। ਸਟੇਸ਼ਨ ਦੇ ਡਿਵੈਲਪਮੈਂਟ ਪ੍ਰਾਜੈਕਟ ਦੀ ਕੁੱਲ ਲਾਗਤ 450 ਕਰੋੜ ਰੁਪਏ ਹੈ। ਸਟੇਸ਼ਨ ‘ਤੇ ਏਅਰ ਕਾਨਕੋਰ ਬਣਾਇਆ ਗਿਆ ਹੈ ਜਿਸ ‘ਚ 700 ਯਾਤਰੀ ਇਕੱਠੇ ਬੈਠ ਕੇ ਟ੍ਰੇਨਦਾ ਇੰਤਜ਼ਾਰ ਕਰ ਸਕਦੇ ਹਨ।
ਹਬੀਬਗੰਜ ਰੇਲਵੇ ਸਟੇਸ਼ਨ ਵਿਚ ਦੋ ਸਬ-ਵੇਅ ਬਣਾਏ ਗਏ ਹਨ ਤਾਂ ਜੋ ਭੀੜ ਨੂੰ ਘੱਟ ਕੀਤਾ ਜਾ ਸਕੇ। ਤਤਕਾਲੀ ਰੇਲ ਮੰਤਰੀ ਸੁਰੇਸ਼ ਪ੍ਰਭੂ ਦੀ ਮੌਜੂਦਗੀ ਵਿਚ ਹਬੀਬਗੰਜ ਰੇਲਵੇ ਸਟੇਸ਼ਨ ਦੇ ਰੀ-ਡਿਵੈਲਪਮੈਂਟ ਲਈ ਭਾਰਤੀ ਰੇਲਵੇ ਸਟੇਸ਼ਨ ਵਿਕਾਸ ਨਿਗਮ ਲਿਮਟਿਡ ਤੇ ਬਾਂਸਲ ਗਰੁੱਪ ਵਿਚ ਸਮਝੌਤੇ ‘ਤੇ ਹਸਤਾਖਰ ਕੀਤੇ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਸਟੇਸ਼ਨ ‘ਤੇ ਏ. ਸੀ. ਵੇਟਿੰਗ ਰੂਮ ਤੋਂ ਲੈ ਕੇ ਰਿਟਾਇਰੰਗ ਰੂਮ ਤੇ ਵੀਆਈਪੀ ਲਾਊਂਜ ਵੀ ਬਣਾਇਆ ਗਿਆ ਹੈ। ਸੁਰੱਖਿਆ ਵਿਵਸਥਾ ਦੇ ਮੱਦੇਨਜ਼ਰ ਸਟੇਸ਼ਨ ‘ਤੇ ਲਗਭਗ 160 ਸੀ. ਸੀ. ਟੀ. ਵੀ. ਕੈਮਰੇ ਲਗਾਏ ਗਏ ਹਨ ਜੋ ਸਟੇਸ਼ਨ ਦੇ ਅੰਦਰ ਤੇ ਬਾਹਰ 24 ਘੰਟੇ ਨਜ਼ਰ ਰੱਖਣਗੇ।