ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਉਨ੍ਹਾਂ ਦੇ ਸਮਰਥਕਾਂ ਨੇ ਖਹਿਰਾ ਦੀ ਪੇਸ਼ੀ ‘ਤੇ ਨਾਅਰੇਬਾਜ਼ੀ ਕਰਕੇ ਸਮਰਥਨ ਕੀਤਾ। ਜਿਸ ਕਾਰਨ ਖਹਿਰਾ ਵੀ ਖੁਸ਼ ਨਜ਼ਰ ਆਏ। ਅਦਾਲਤ ਵਿੱਚ ਖਹਿਰਾ ਦੀ ਰਿਮਾਂਡ ਅਤੇ ਜ਼ਮਾਨਤ ਸਬੰਧੀ ਸੁਣਵਾਈ ਹੋਵੇਗੀ। 7 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਖਹਿਰਾ ਨੂੰ ਅਦਾਲਤ ‘ਚ ਲੈ ਕੇ ਆਈ ਹੈ। ਇਸ ਦੌਰਾਨ ਸੁਖਪਾਲ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਕੇਸ ਨਾਲ ਉਨ੍ਹਾਂ ਦਾ ਮਨੋਬਲ ਟੁੱਟਣ ਨਹੀਂ ਦਿੱਤਾ ਜਾਵੇਗਾ। ਖਹਿਰਾ ਨੇ ਕਿਹਾ ਕਿ ਇਹ ਇੱਕ ਸਿਆਸੀ ਸਾਜ਼ਿਸ਼ ਹੈ। ਭਾਜਪਾ ਪਹਿਲਾਂ ਹੀ ਵਿਰੋਧੀ ਸੀ ਪਰ ਕਾਂਗਰਸ ਵਿੱਚ ਬੈਠੇ ਆਸਤੀਨ ਦੇ ਸੱਪਾਂ ਨੇ ਮੇਰੇ ਵਿਰੁੱਧ ਸਾਜ਼ਿਸ਼ ਰਚੀ ਹੈ।
ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਗਰਾਊਂਡ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਮੇਰੇ ‘ਤੇ ਆਮ ਆਦਮੀ ਪਾਰਟੀ ਦੇ ਨਾਂ ‘ਤੇ ਪੈਸੇ ਇਕੱਠੇ ਕਰਨ ਦੇ ਦੋਸ਼ ਲਗਾਏ ਗਏ। ਖਹਿਰਾ ਨੇ ਕਿਹਾ ਕਿ ਮੇਰਾ ਦੌਰਾ ‘ਆਪ’ ਵੱਲੋਂ ਸਪਾਂਸਰ ਕੀਤਾ ਗਿਆ ਸੀ। ਮੈਂ 16 ਸ਼ਹਿਰਾਂ ਦਾ ਦੌਰਾ ਕੀਤਾ। ਤੁਹਾਡੇ USA ਦੇ ਅਧਿਕਾਰਤ ਪੇਜ ‘ਤੇ ਇਸ ਬਾਰੇ ਜਾਣਕਾਰੀ ਹੈ। ਸਾਰਾ ਪੈਸਾ ਕੇਜਰੀਵਾਲ ਨੂੰ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਫਾਜ਼ਿਲਕਾ ਕੇਸ ਵਿੱਚ ਮੇਰਾ ਨਾਮ ਨਹੀਂ ਹੈ। ਨਾ ਹੀ ਕਿਸੇ ਗਵਾਹ ਨੇ ਮੇਰਾ ਨਾਮ ਲਿਆ ਹੈ। ਸੁਪਰੀਮ ਕੋਰਟ ਨੇ ਫਾਜ਼ਿਲਕਾ ਦੇ ਐੱਨਡੀਪੀਐੱਸ ਕੇਸ ’ਤੇ ਰੋਕ ਲਾ ਦਿੱਤੀ ਹੈ। ਖਹਿਰਾ ਨੇ ਕਿਹਾ ਕਿ ਮੈਨੂੰ ਦੁੱਖ ਹੈ ਕਿ ਮੇਰੀ ਕਾਂਗਰਸ ਪਾਰਟੀ ਨੇ ਵੀ ਮੇਰਾ ਸਾਥ ਨਹੀਂ ਦਿੱਤਾ।
ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਆਪਣੀ ਗ੍ਰਿਫਤਾਰੀ ਨੂੰ ਗਲਤ ਕਰਾਰ ਦਿੰਦਿਆਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਾਜ਼ਿਲਕਾ ਡਰੱਗ ਮਾਮਲੇ ‘ਤੇ ਸੁਪਰੀਮ ਕੋਰਟ ਨੇ ਰੋਕ ਲਗਾਈ ਹੈ। ਇਸ ਲਈ ਉਸ ਮਾਮਲੇ ਵਿੱਚ ਗ੍ਰਿਫਤਾਰੀ ਗੈਰ-ਕਾਨੂੰਨੀ ਹੈ। ਸੁਖਪਾਲ ਖਹਿਰਾ ਈਡੀ ਦੀ ਹਿਰਾਸਤ ‘ਚ ਭੁੱਖ ਹੜਤਾਲ ‘ਤੇ ਬੈਠ ਗਏ ਸਨ। ਖਹਿਰਾ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲੀਸ ਨੇ ਉਨ੍ਹਾਂ ਨੂੰ ਕੜਾ ਉਤਾਰਣ ਲਈ ਕਿਹਾ, ਜੋ ਸਾਡੇ ਗੁਰੂਆਂ ਦੀ ਨਿਸ਼ਾਨੀ ਹੈ। ਜਿਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਮਹਿਤਾਬ ਖਹਿਰਾ ਨੇ ਕਿਹਾ ਸੀ ਕਿ ਜਦੋਂ ਤੱਕ ਚੰਡੀਗੜ੍ਹ ਪੁਲਸ ਅਧਿਕਾਰੀ ਖਿਲਾਫ ਕਾਰਵਾਈ ਨਹੀਂ ਹੁੰਦੀ, ਪਿਤਾ ਸੁਖਪਾਲ ਖਹਿਰਾ ਭੁੱਖ ਹੜਤਾਲ ‘ਤੇ ਬੈਠੇ ਰਹਿਣਗੇ। ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਵਿੱਚ ਕਈ ਥਾਵਾਂ ਤੋਂ ਸਮਰਥਨ ਮਿਲਿਆ ਹੈ। ਲੁਧਿਆਣਾ ਦੇ ਵਿਧਾਇਕ ਸਿਮਰਜੀਤ ਬੈਂਸ ਤੋਂ ਇਲਾਵਾ ਕਿਸਾਨ ਅੰਦੋਲਨ ਨਾਲ ਜੁੜੇ ਲੱਖਾ ਸਿਧਾਣਾ, ਲੁਧਿਆਣਾ ਤੋਂ ‘ਆਪ’ ਆਗੂ ਐਡਵੋਕੇਟ ਕੋਮਲ ਗੁਰਨੂਰ ਸਿੰਘ ਸਮੇਤ ਕਈ ਲੋਕਾਂ ਨੇ ਗ੍ਰਿਫਤਾਰੀ ਦਾ ਵਿਰੋਧ ਕੀਤਾ ਹੈ। ਖਹਿਰਾ ਦੀ ਪੇਸ਼ੀ ਦੌਰਾਨ ਵੱਡੀ ਗਿਣਤੀ ‘ਚ ਸਮਰਥਕ ਮੌਜੂਦ ਹੋ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: