ਸਤਿਗੁਰ ਨਾਨਕ ਪ੍ਰਗਟਿਆਂ, ਮਿਟੀ ਧੁੰਦ ਜੱਗ ਚਾਨਣ ਹੋਆ
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ॥
ਕੱਲ੍ਹ ਯਾਨੀ ਕਿ 19 ਨਵੰਬਰ ਨੂੰ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ। ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਜਿਸ ਨੂੰ ਪ੍ਰਕਾਸ਼ ਪੁਰਬ ਜਾਂ ਗੁਰਪੁਰਬ ਵਜੋਂ ਵੀ ਜਾਣਿਆ ਜਾਂਦਾ ਹੈ, ਇਹ ਸਿੱਖ ਭਾਈਚਾਰੇ ਲਈ ਸਭ ਤੋਂ ਮਹੱਤਵਪੂਰਨ ਮੌਕਿਆਂ ਵਿੱਚੋਂ ਇੱਕ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਲਾਹੌਰ ਨੇੜੇ ਰਾਏ ਭੋਇ ਕੀ ਤਲਵੰਡੀ ਵਿੱਚ ਹੋਇਆ ਸੀ। ਜਿਸ ਨੂੰ ਹੁਣ ਨਨਕਾਣਾ ਸਾਹਿਬ ਵਜੋਂ ਜਾਣਿਆ ਜਾਂਦਾ ਹੈ। ਲੋਹੋਰ ਤੋਂ 40 ਕੁ ਮੀਲ ਦੱਖਣ ਪੱਛਮ ਵਿੱਚ ਪਿਤਾ ਮਹਿਤਾ ਕਾਲੂ ਤੇ ਮਾਤਾ ਤ੍ਰਿਪਤਾ ਜੀ ਦੇ ਘਰ ਹੋਇਆ ਸੀ। ਨਨਕਾਣਾ ਸਾਹਿਬ ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡ ਤੋ ਬਾਅਦ ਪਾਕਿਸਤਾਨ ਵਿੱਚ ਆ ਗਿਆ ਸੀ। ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ ਹੈ। ਇਸ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਅੰਤਮ ਸਮਾਂ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿੱਚ ਬਿਤਾਇਆ ਸੀ। ਇੱਥੇ ਹੀ ਆਪ ਜੀ ਨੇ ਭਾਈ ਲਹਿਣਾ (ਗੁਰੂ ਅੰਗਦ ਦੇਵ ਜੀ ਨੂੰ ਆਪਣੀ ਗੱਦੀ ਦਾ ਵਾਰਸ ਚੁਣਿਆ। ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਹੀ 1539 ਈਸਵੀ ਵਿੱਚ ਜੋਤੀ-ਜੋਤ ਸਮਾ ਗਏ।