ਕੋਲਕਾਤਾ ਵਿੱਚ ਖੇਡੇ ਗਏ ਆਖਰੀ ਟੀ-20 ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ 73 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ‘ਤੇ 3-0 ਨਾਲ ਕਬਜ਼ਾ ਕਰ ਲਿਆ । ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੇ 7 ਵਿਕਟਾਂ ਦੇ ਨੁਕਸਾਨ ‘ਤੇ 184 ਦੌੜਾਂ ਬਣਾਈਆਂ । ਇਸ ਮੁਕਾਬਲੇ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਨੂੰ ਨਿਰਾਸ਼ ਕੀਤਾ ਅਤੇ ਪੂਰੀ ਟੀਮ 17.2 ਓਵਰਾਂ ਦੀ ਖੇਡ ਵਿੱਚ ਹੀ 111 ਦੌੜਾਂ ‘ਤੇ ਆਲ ਆਊਟ ਹੋ ਗਈ । ਮਾਰਟਿਨ ਗੁਪਟਿਲ (51) ਨੂੰ ਛੱਡ ਕੇ ਕੋਈ ਵੀ ਖਿਡਾਰੀ ਚੰਗੀ ਪਾਰੀ ਨਹੀਂ ਖੇਡ ਸਕਿਆ । ਭਾਰਤ ਦੀ ਜਿੱਤ ਵਿੱਚ 3 ਵਿਕਟਾਂ ਲੈਣ ਵਾਲੇ ਅਕਸ਼ਰ ਪਟੇਲ ਨੂੰ ‘ਮੈਨ ਆਫ ਦ ਮੈਚ’ ਦਾ ਐਵਾਰਡ ਮਿਲਿਆ।
ਇਹ ਵੀ ਪੜ੍ਹੋ: ਪੰਜਾਬ ‘ਚ ਕਾਂਗਰਸ ਨੇ ਵਜਾਇਆ ਚੋਣ ਬਿਗੁਲ, CM ਚੰਨੀ ਦੀ ਪਹਿਲੀ ਰੈਲੀ ਅੱਜ, ਸਿੱਧੂ ਵੀ ਹੋਣਗੇ ਨਾਲ
ਦੱਸ ਦੇਈਏ ਕਿ ਨਿਊਜ਼ੀਲੈਂਡ ਖਿਲਾਫ਼ ਲਗਾਤਾਰ ਤੀਜੀ ਜਿੱਤ ਦੇ ਨਾਲ ਹੀ ਟੀਮ ਇੰਡੀਆ ਅਤੇ ਕਪਤਾਨ ਰੋਹਿਤ ਸ਼ਰਮਾ ਨੇ ਇਤਿਹਾਸ ਰਚ ਦਿੱਤਾ ਹੈ । ਦਰਅਸਲ, ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਨਿਊਜ਼ੀਲੈਂਡ ਨੂੰ ਆਪਣੀ ਧਰਤੀ ‘ਤੇ ਟੀ-20 ਸੀਰੀਜ਼ ਵਿੱਚ ਕਲੀਨ ਸਵੀਪ ਕੀਤਾ ਹੈ । 2012 ਵਿੱਚ ਪਹਿਲੀ ਵਾਰ ਦੋਵਾਂ ਦੇਸ਼ਾਂ ਵਿਚਾਲੇ ਘਰੇਲੂ ਸੀਰੀਜ਼ ਖੇਡੀ ਗਈ ਸੀ । ਉਸ ਸਮੇਂ ਐਮਐਸ ਧੋਨੀ ਟੀਮ ਦੇ ਕਪਤਾਨ ਸਨ ਅਤੇ ਕੀਵੀ ਟੀਮ ਨੇ ਭਾਰਤ ਨੂੰ ਦੋ ਮੈਚਾਂ ਦੀ ਲੜੀ ਵਿੱਚ 1-0 ਨਾਲ ਹਰਾਇਆ ਸੀ।
ਇਸ ਦੇ ਨਾਲ ਹੀ 2017 ਵਿੱਚ ਟੀਮ ਇੰਡੀਆ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਨਿਊਜ਼ੀਲੈਂਡ ਨੂੰ 3 ਮੈਚਾਂ ਦੀ ਸੀਰੀਜ਼ ਵਿੱਚ 2-1 ਨਾਲ ਹਰਾਇਆ ਸੀ। ਭਾਰਤ ਨੇ ਸੀਰੀਜ਼ ਜ਼ਰੂਰ ਜਿੱਤੀ ਸੀ ਪਰ ਟੀਮ ਨੂੰ ਕਲੀਨ ਸਵੀਪ ਦਾ ਮੌਕਾ ਨਹੀਂ ਮਿਲ ਸਕਿਆ ਸੀ ਪਰ ਇਸ ਵਾਰ ਰੋਹਿਤ ਦੀ ਅਗਵਾਈ ਵਿੱਚ ਟੀਮ ਨੇ ਸੀਰੀਜ਼ 3-0 ਨਾਲ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ ।
ਜੇਕਰ ਇੱਥੇ ਭਾਰਤੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਵੱਲੋਂ ਕਪਤਾਨ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਪਾਰੀ ਦੀ ਸ਼ੁਰੂਆਤ ਕੀਤੀ । ਦੋਹਾਂ ਖਿਡਾਰੀਆਂ ਨੇ ਵਧੀਆ ਬੱਲਬਾਜ਼ੀ ਕਰਦਿਆਂ ਪਾਵਰ ਪਲੇਅ ਵਿੱਚ 69 ਦੌੜਾਂ ਬਣਾਈਆਂ । ਹਾਲਾਂਕਿ ਈਸ਼ਾਨ ਕਿਸ਼ਨ 29 ਦੌੜਾਂ ਦੇ ਨਿੱਜੀ ਸਕੋਰ ‘ਤੇ ਮਿਸ਼ੇਲ ਸੈਂਟਨਰ ਦਾ ਸ਼ਿਕਾਰ ਹੋ ਗਏ । ਸੂਰਿਆਕੁਮਾਰ ਯਾਦਵ ਖਾਤਾ ਵੀ ਨਹੀਂ ਖੋਲ੍ਹ ਸਕੇ । ਰਿਸ਼ਭ ਪੰਤ ਸਿਰਫ਼ 4 ਦੌੜਾਂ ਹੀ ਬਣਾ ਸਕਿਆ । ਇਸ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਰੋਹਿਤ ਸ਼ਰਮਾ ਨੇ ਪਾਰੀ ਨੂੰ ਸੰਭਾਲਿਆ ਅਤੇ ਤੇਜ਼ੀ ਨਾਲ ਦੌੜਾਂ ਬਣਾਈਆਂ।
ਉੱਥੇ ਹੀ ਰੋਹਿਤ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ । ਹਾਲਾਂਕਿ ਰੋਹਿਤ ਨੂੰ 56 ਦੌੜਾਂ ਦੇ ਨਿੱਜੀ ਸਕੋਰ ‘ਤੇ ਈਸ਼ ਸੋਢੀ ਨੇ ਆਊਟ ਕਰ ਦਿੱਤਾ । ਵੈਂਕਟੇਸ਼ ਅਈਅਰ ਨੇ 20 ਅਤੇ ਸ਼੍ਰੇਅਸ ਅਈਅਰ ਨੇ 25 ਦੌੜਾਂ ਦਾ ਯੋਗਦਾਨ ਦਿੱਤਾ। ਹਰਸ਼ਲ ਪਟੇਲ ਨੇ 18 ਦੌੜਾਂ ਬਣਾਈਆਂ । ਦੀਪਕ ਚਾਹਰ ਨੇ ਸਿਰਫ 8 ਗੇਂਦਾਂ ‘ਤੇ ਨਾਬਾਦ 21 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਅਕਸ਼ਰ ਪਟੇਲ 2 ਦੌੜਾਂ ਬਣਾ ਕੇ ਨਾਬਾਦ ਰਹੇ ।
ਵੀਡੀਓ ਲਈ ਕਲਿੱਕ ਕਰੋ -: