ਕੋਰੋਨਾ ਦੇ ਓਮਿਕ੍ਰੋਨ ਵੇਰੀਐਂਟ ਤੋਂ ਪੈਦਾ ਹੋਏ ਖਤਰੇ ਤੋਂ ਬਾਅਦ ਸਰਕਾਰ ਨੇ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨਾਲ ਜੁੜੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਇਸ ਸਬੰਧੀ ਸੋਧਿਆ ਗਿਆ ਦਿਸ਼ਾ-ਨਿਰਦੇਸ਼ 1 ਦਸੰਬਰ ਤੋਂ ਲਾਗੂ ਹੋਵੇਗਾ।
ਸੂਤਰਾਂ ਵੱਲੋਂ ਮਿਲੀ ਜਾਣਕਾਰੀ ਦੇ ਅਨੁਸਾਰ ਨਵੇਂ ਨਿਯਮ ਲਾਗੂ ਹੋਣ ਤੋਂ ਬਾਅਦ ਯਾਤਰੀਆਂ ਨੂੰ ਦਿੱਲੀ ਏਅਰਪੋਰਟ ‘ਤੇ 6 ਘੰਟੇ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ। 14 ਜੋਖਮ ਸ਼੍ਰੇਣੀ ਵਿੱਚ ਰੱਖੇ ਗਏ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਲਈ ਏਅਰਪੋਰਟ ਸਕ੍ਰੀਨਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਇਨ੍ਹਾਂ ਦੇਸ਼ਾਂ ਵਿੱਚ ਓਮਿਕ੍ਰੋਨ ਵੇਰੀਐਂਟ ਦੇ ਮਾਮਲੇ ਪਾਏ ਗਏ ਹਨ। ਅਜਿਹੇ ਯਾਤਰੀਆਂ ਨੂੰ ਆਪਣੇ ਆਰਟੀਪੀਸੀਆਰ ਟੈਸਟ ਦੇ ਨਤੀਜੇ ਲਈ ਵੀ ਲੰਮਾ ਸਮਾਂ ਉਡੀਕ ਕਰਨੀ ਪੈ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹਰੇਕ ਯਾਤਰੀ ਦੇ ਕੋਵਿਡ ਟੈਸਟ ਦੀ ਰਿਪੋਰਟ ਆਉਣ ‘ਚ 4 ਤੋਂ 6 ਘੰਟੇ ਲੱਗ ਸਕਦੇ ਹਨ। ਏਅਰਪੋਰਟ ‘ਤੇ ਕੋਰੋਨਾ ਦਾ RTPCR ਟੈਸਟ ਕਰਨ ਵਾਲੀ ਕੰਪਨੀ ਇੱਕ ਘੰਟੇ ਵਿੱਚ 400-500 ਟੈਸਟ ਕਰ ਸਕਦੀ ਹੈ। ਪਰ ਟੈਸਟਿੰਗ ਸਮਰੱਥਾ ਵਧਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਲਿਓਨਲ ਮੈਸੀ ਫਿਰ ਬਣਿਆ ਸਰਵੋਤਮ ਫੁਟਬਾਲਰ, ਰਿਕਾਰਡ ਸੱਤਵੀਂ ਵਾਰ ਜਿੱਤਿਆ Ballon d’Or ਖਿਤਾਬ
ਯੂਰਪ ਤੋਂ ਦਿੱਲੀ ਦੀ ਸਿੱਧੀ ਫਲਾਈਟ 8.5 ਘੰਟੇ ਦੀ ਹੈ ਅਤੇ ਫਲਾਈਟ ਫੜਨ ਦੇ ਪਹਿਲੇ ਦੋ ਘੰਟੇ ਏਅਰਪੋਰਟ ‘ਤੇ ਸ਼ਾਮਿਲ ਹੁੰਦੇ ਹਨ। ਜੇਕਰ ਅਸੀਂ ਦਿੱਲੀ ਹਵਾਈ ਅੱਡੇ ‘ਤੇ ਟੈਸਟ ਲਈ ਛੇ ਘੰਟੇ ਅਤੇ ਸਮਾਨ ਲੈਣ ਲਈ ਕਸਟਮ ਅਤੇ ਇਮੀਗ੍ਰੇਸ਼ਨ ਲਈ ਇੱਕ ਘੰਟੇ ਦਾ ਸਮਾਂ ਜੋੜ ਦੇਈਏ ਤਾਂ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਲੰਮਾ ਸਮਾਂ ਬਿਤਾਉਣਾ ਪੈ ਸਕਦਾ ਹੈ। ਅਜਿਹੇ ‘ਚ ਮੰਜ਼ਿਲ ‘ਤੇ ਜਾਣ ਤੋਂ ਪਹਿਲਾ ਦਿੱਲੀ ਏਅਰਪੋਰਟ ਤੋਂ ਬਾਹਰ ਆਉਣ ‘ਚ 17 ਘੰਟੇ ਲੱਗ ਸਕਦੇ ਹਨ। ਜੇਕਰ ਮਿਡਲ ਈਸਟ ਤੋਂ ਕੋਈ ਕੁਨੈਕਟਿੰਗ ਫਲਾਈਟ ਆਉਂਦੀ ਹੈ ਤਾਂ ਇਸ ‘ਚ 2.5 ਘੰਟੇ ਹੋਰ ਲੱਗ ਸਕਦੇ ਹਨ ਅਤੇ ਅਜਿਹੇ ‘ਚ ਇਹ ਸਮਾਂ ਵੱਧ ਕੇ 19.5 ਘੰਟੇ ਹੋ ਸਕਦਾ ਹੈ। ਕੁਨੈਕਟਿੰਗ ਫਲਾਈਟਾਂ ‘ਤੇ ਠਹਿਰਾ 6 ਘੰਟੇ ਤੱਕ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਕੁੱਝ ਯਾਤਰੀਆਂ ਲਈ ਕੁੱਲ ਯਾਤਰਾ ਦਾ ਸਮਾਂ 24 ਘੰਟੇ ਤੱਕ ਹੋ ਸਕਦਾ ਹੈ। ਹੁਣ ਤੱਕ, ਯੂਰਪ, ਦੱਖਣੀ ਅਫਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ, ਜ਼ਿੰਬਾਬਵੇ, ਸਿੰਗਾਪੁਰ, ਹਾਂਗਕਾਂਗ ਅਤੇ ਇਜ਼ਰਾਈਲ ਦੇ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ‘ਤੇ ਆਰਟੀਪੀਸੀਆਰ ਟੈਸਟ ਕਰਵਾਉਣ ਦੀ ਲੋੜ ਹੋਵੇਗੀ। ਦੂਜੇ ਦੇਸ਼ਾਂ ਦੇ ਯਾਤਰੀਆਂ ਦਾ ਵੀ 5 ਫੀਸਦੀ ਦੇ ਬੇਤਰਤੀਬੇ ਅਧਾਰ ‘ਤੇ ਟੈਸਟ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: