ਤਰਨਤਾਰਨ ‘ਚ ਅੱਜ ਦੋ ਲੁਟੇਰੇ ਐੱਚਡੀਐੱਫਸੀ ਬੈਂਕ ਵਿੱਚੋਂ ਲੋਕਾਂ ਵੱਲੋਂ ਜਮ੍ਹਾ ਕਰਵਾਏ ਗਏ 50 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਇਹ ਘਟਨਾ ਤਰਨਤਾਰਨ-ਜੰਡਿਆਲਾ ਰੋਡ ‘ਤੇ ਸਥਿਤ ਪ੍ਰਾਈਵੇਟ ਸੈਕਟਰ ਦੀ ਐੱਚ.ਡੀ.ਐੱਫ.ਸੀ. ਬੈਂਕ ਦੀ ਸ਼ਾਖਾ ‘ਚ ਦੁਪਹਿਰ ਕਰੀਬ 3 ਵਜੇ ਵਾਪਰੀ। ਦੋਵੇਂ ਲੁਟੇਰੇ ਆਏ ਤੇ ਬੰਦੂਕ ਦੀ ਨੋਕ ‘ਤੇ ਬੈਂਕ ਲੁੱਟ ਕੇ ਭੱਜ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਤਰਨਤਾਰਨ ਦੇ ਐੱਸ.ਐੱਸ.ਪੀ ਹਰਵਿੰਦਰ ਸਿੰਘ ਵਿਰਕ ਵੀ ਖੁਦ ਮੌਕੇ ’ਤੇ ਪਹੁੰਚੇ।
ਮਿਲੀ ਜਾਣਕਾਰੀ ਅਨੁਸਾਰ ਘਟਨਾ ਸਮੇਂ ਬੈਂਕ ਅੰਦਰ ਸਿਰਫ਼ ਸਟਾਫ਼ ਹੀ ਮੌਜੂਦ ਸੀ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਬੈਂਕ ਅੰਦਰ ਲੱਗੇ ਕਲੋਜ਼ ਸਰਕਟ (ਸੀਸੀ) ਕੈਮਰਿਆਂ ਦੀ ਫੁਟੇਜ ਨੂੰ ਸਕੈਨ ਕਰਨਾ ਸ਼ੁਰੂ ਕਰ ਦਿੱਤਾ। ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦੇਖੀ ਜਾ ਰਹੀ ਹੈ ਤਾਂ ਜੋ ਲੁਟੇਰਿਆਂ ਦੇ ਰੂਟ ਦਾ ਪਤਾ ਲਗਾਇਆ ਜਾ ਸਕੇ।
ਤਰਨਤਾਰਨ ਦੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ 3.17 ਵਜੇ ਦੋ ਨੌਜਵਾਨ ਬੈਂਕ ਵਿੱਚ ਦਾਖਲ ਹੋਏ। ਦੋਵਾਂ ਨੇ ਮੂੰਹ ਢਕੇ ਹੋਏ ਸਨ ਤੇ ਹੱਥਾਂ ਵਿੱਚ ਹਥਿਆਰ ਫੜੇ ਹੋਏ ਸਨ। ਲੁਟੇਰਿਆਂ ਵਿੱਚੋਂ ਇੱਕ ਨੇ ਪੁਲਿਸ ਦੀ ਵਰਦੀ ਪਾਈ ਹੋਈ ਸੀ। ਬੈਂਕ ਦੀ ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਇਹ ਵਰਦੀ ਕਿਸੇ ਕਾਂਸਟੇਬਲ ਜਾਂ ਹੈੱਡ ਕਾਂਸਟੇਬਲ ਰੈਂਕ ਦੇ ਕਰਮਚਾਰੀ ਦੀ ਲੱਗਦੀ ਹੈ।
ਸਟਾਫ਼ ਨੇ ਦੱਸਿਆ ਹੈ ਕਿ ਬੈਂਕ ਵਿੱਚ ਦਾਖ਼ਲ ਹੁੰਦੇ ਹੀ ਦੋਵੇਂ ਲੁਟੇਰਆਂ ਨੇ ਸਟਾਫ਼ ਨੂੰ ਬੰਦੂਕ ਦੀ ਨੋਕ ’ਤੇ ਲਿਆ। ਕੈਸ਼ ਕਾਊਂਟਰ ਦੇ ਦਰਾਜ ਵਿੱਚ ਰੱਖੇ ਪੈਸੇ ਕਢਵਾਉਣ ਤੋਂ ਬਾਅਦ ਲੁਟੇਰਿਆਂ ਨੇ ਬੈਂਕ ਸਟਾਫ਼ ਨੂੰ ਗੋਲੀ ਮਾਰਨ ਦੀ ਧਮਕੀ ਦੇ ਕੇ ਸਟ੍ਰਾਂਗ ਰੂਮ ਖੋਲ੍ਹਿਆ ਅਤੇ ਉੱਥੇ ਰੱਖੀ ਨਕਦੀ ਲੈ ਕੇ ਫ਼ਰਾਰ ਹੋ ਗਏ। ਬੈਂਕ ਮੁਲਾਜ਼ਮਾਂ ਮੁਤਾਬਕ ਦੋਵੇਂ ਲੁਟੇਰੇ ਕਰੀਬ 50 ਲੱਖ ਰੁਪਏ ਲੁੱਟ ਕੇ ਲੈ ਗਏ।
ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਬੈਂਕ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ। ਫੁਟੇਜ ਦੇਖਣ ਤੋਂ ਬਾਅਦ ਮੁਢਲੇ ਸੁਰਾਗ ਮਿਲੇ ਹਨ, ਜਿਸ ਦੇ ਆਧਾਰ ‘ਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਦੋਵੇਂ ਲੁਟੇਰਿਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਦੱਸ ਦੇਈਏ ਕਿ ਐਚ.ਡੀ.ਐਫ.ਸੀ.ਬੈਂਕ ਦੀ ਜਿਸ ਸ਼ਾਖਾ ਵਿੱਚ ਲੁੱਟ ਦੀ ਵਾਰਦਾਤ ਹੋਈ, ਉੱਥੇ ਬੈਂਕ ਪ੍ਰਬੰਧਕਾਂ ਵੱਲੋਂ ਇੱਕ ਨਿੱਜੀ ਸੁਰੱਖਿਆ ਗਾਰਡ ਤਾਇਨਾਤ ਹੈ, ਪਰ ਉਸ ਕੋਲ ਸੁਰੱਖਿਆ ਲਈ ਨਾ ਤਾਂ ਕੋਈ ਹਥਿਆਰ ਹੈ ਅਤੇ ਨਾ ਹੀ ਡੰਡਾ ਹੈ।
ਇਹ ਵੀ ਪੜ੍ਹੋ : ਦੇਸ਼ ‘ਚ ‘ਓਮੀਕ੍ਰੋਨ’ ਦਾ ਮਿਲਿਆ ਚੌਥਾ ਮਾਮਲਾ, ਦਿੱਲੀ ਤੋਂ ਮੁੰਬਈ ਪਹੁੰਚਿਆ ਵਿਅਕਤੀ ਨਿਕਲਿਆ ਪਾਜ਼ੀਟਿਵ
ਐਚ.ਡੀ.ਐਫ.ਸੀ ਬੈਂਕ ਦੀ ਇਹ ਬ੍ਰਾਂਚ ਜਿੱਥੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਸਿਰਫ 200 ਮੀਟਰ ਦੀ ਦੂਰੀ ‘ਤੇ ਥਾਣਾ ਸਦਰ ਹੈ। ਇੰਨਾ ਹੀ ਨਹੀਂ ਬੈਂਕ ਦੀ ਇਸ ਸ਼ਾਖਾ ਤੋਂ ਕਰੀਬ 100 ਮੀਟਰ ਦੀ ਦੂਰੀ ‘ਤੇ ਤਰਨਤਾਰਨ ਤੋਂ ਕਾਂਗਰਸੀ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ ਦਾ ਘਰ ਹੈ। ਥਾਣਾ ਸਦਰ ਅਤੇ ਸਥਾਨਕ ਵਿਧਾਇਕ ਦੀ ਕੋਠੀ ਹੋਣ ਕਾਰਨ ਇਸ ਇਲਾਕੇ ਵਿੱਚ ਹਮੇਸ਼ਾ ਪੁਲਿਸ ਤਾਇਨਾਤ ਰਹਿੰਦੀ ਹੈ। ਇਸ ਦੇ ਬਾਵਜੂਦ ਲੁਟੇਰੇ ਬੈਂਕ ਲੁੱਟਣ ਵਿੱਚ ਸਫਲ ਰਹੇ।