ਤਾਮਿਲਨਾਡੂ ਦੇ ਕੁਨੂਰ ਨੇੜੇ ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਏ ਸੀਡੀਐੱਸ ਜਨਰਲ ਬਿਪਿਨ ਰਾਵਤ ਸਣੇ 12 ਲੋਕਾਂ ਦਾ ਅੱਜ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸ਼ੁੱਕਰਵਾਰ ਸਵੇਰੇ 11 ਵਜੇ ਤੋਂ ਜਨਰਲ ਰਾਵਤ ਅਤੇ ਉਨ੍ਹਾਂ ਦੀ ਪਤਨੀ ਦੇ ਮ੍ਰਿਤਕ ਸਰੀਰ ਨੂੰ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਜਨਤਾ ਦੇ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਦਿੱਲੀ ਸਥਿਤ ਘਰ ‘ਚ ਰੱਖਿਆ ਜਾਵੇਗਾ। ਦੁਪਹਿਰ ਕਰੀਬ 2 ਵਜੇ ਅੰਤਿਮ ਸੰਸਕਾਰ ਸ਼ੁਰੂ ਹੋਵੇਗਾ। ਅੰਤਿਮ ਸੰਸਕਾਰ ਸ਼ਾਮ 4 ਵਜੇ ਬੇਰਾਰ ਸਕੁਏਅਰ ਸ਼ਮਸ਼ਾਨਘਾਟ ਵਿੱਚ ਹੋਵੇਗਾ।
ਇਸ ਤੋਂ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਉੱਚ ਫੌਜੀ ਅਧਿਕਾਰੀਆਂ ਨੇ ਵੀਰਵਾਰ ਨੂੰ ਪਾਲਮ ਹਵਾਈ ਅੱਡੇ ‘ਤੇ ਹਾਦਸੇ ‘ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਥਲ ਸੈਨਾ ਮੁਖੀ ਐਮਐਮ ਨਰਵਾਣੇ, ਜਲ ਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ, ਏਅਰ ਚੀਫ ਮਾਰਸ਼ਲ ਏ.ਵੀ.ਆਰ ਚੌਧਰੀ, ਰੱਖਿਆ ਸਕੱਤਰ ਅਜੈ ਕੁਮਾਰ ਨੇ ਇਨ੍ਹਾਂ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪੀਐੱਮ ਮੋਦੀ ਨੇ ਟਵੀਟ ਕੀਤਾ, “ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਅਤੇ ਹਥਿਆਰਬੰਦ ਬਲਾਂ ਦੇ ਹੋਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ। ਭਾਰਤ ਉਨ੍ਹਾਂ ਦੇ ਵੱਡਮੁੱਲੇ ਯੋਗਦਾਨ ਨੂੰ ਕਦੇ ਨਹੀਂ ਭੁੱਲੇਗਾ। ਇੱਕ ਹੈਂਗਰ ਵਿੱਚ 13 ਤਾਬੂਤ ਰੱਖੇ ਗਏ ਸਨ ਅਤੇ ਇਸ ਦੌਰਾਨ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਪ੍ਰਧਾਨ ਮੰਤਰੀ ਮੋਦੀ ਇਸ ਮੌਕੇ ‘ਤੇ ਮ੍ਰਿਤਕਾਂ ਦੇ ਪਰਿਵਾਰਾਂ ਕੋਲ ਗਏ ਅਤੇ ਉਨ੍ਹਾਂ ਨਾਲ ਕੁਝ ਮਿੰਟ ਗੱਲਬਾਤ ਕੀਤੀ।
ਮ੍ਰਿਤਕ ਦੇਹਾਂ ਨੂੰ ਭਾਰਤੀ ਹਵਾਈ ਸੈਨਾ ਦੇ ਸੀ-130ਜੇ ਜਹਾਜ਼ ਰਾਹੀਂ ਸੁਲੂਰ ਏਅਰਬੇਸ ਤੋਂ ਦਿੱਲੀ ਲਿਆਂਦਾ ਗਿਆ। ਸ਼ਰਧਾਂਜਲੀ ਪ੍ਰੋਗਰਾਮ ਤੋਂ ਬਾਅਦ ਮ੍ਰਿਤਕ ਦੇਹਾਂ ਨੂੰ ਧੌਲਕੂਆਂ ਦੇ ਫੌਜੀ ਹਸਪਤਾਲ ਲਿਜਾਇਆ ਗਿਆ। ਦੱਸ ਦਈਏ ਕਿ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਅਤੇ ਬ੍ਰਿਗੇਡੀਅਰ ਲਿਡਰ ਤੋਂ ਇਲਾਵਾ Mi-17 V5 ਹੈਲੀਕਾਪਟਰ ਹਾਦਸੇ ‘ਚ ਹਥਿਆਰਬੰਦ ਬਲਾਂ ਦੇ 10 ਜਵਾਨ ਸ਼ਹੀਦ ਹੋ ਗਏ ਸਨ। ਹਾਦਸੇ ਵਿੱਚ ਮਾਰੇ ਗਏ ਹੋਰ ਜਵਾਨਾਂ ਵਿੱਚ ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਵਿੰਗ ਕਮਾਂਡਰ ਪੀਐਸ ਚੌਹਾਨ, ਸਕੁਐਡਰਨ ਲੀਡਰ ਕੇ ਸਿੰਘ, ਜੇਡਬਲਯੂਓ ਦਾਸ, ਜੇਡਬਲਯੂਓ ਪ੍ਰਦੀਪ ਏ, ਹੌਲਦਾਰ ਸਤਪਾਲ, ਨਾਇਕ ਗੁਰਸੇਵਕ ਸਿੰਘ, ਨਾਇਕ ਜਤਿੰਦਰ ਕੁਮਾਰ, ਲਾਂਸ ਨਾਇਕ ਵਿਵੇਕ ਕੁਮਾਰ ਅਤੇ ਲਾਂਸ ਨਾਇਕ ਸਾਈਂ ਤੇਜਾ ਸ਼ਾਮਲ ਹਨ। ਹਾਦਸੇ ‘ਚ ਇਕੱਲੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਦਾ ਬੈਂਗਲੁਰੂ ਦੇ ਮਿਲਟਰੀ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: